

ਉਸ ਦੀ ਨਿੰਦਿਆ ਕਰਨਾ ਹੋਰ ਮਾੜਾ ਹੈ। ਇਹ ਯਾਦ ਰੱਖੋ, ਦਿੱਤੇ ਬਿਨਾਂ ਕਦੇ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ।
'ਨਾਨਕ ਆਖੇ ਭੰਗਰ ਨਾਥ, ਤੇਰੀ ਮਾਉ ਕੁਚੱਜੀ ਆਈ।
ਭਾਂਡਾ ਧੋਇ ਨ ਜਾਤਿਓਨਿ ਭਾਇ ਕੁਚੱਜੇ ਫੁਲੁ ਸੜਾਈ।
ਹੋਇ ਅਤੀਤੁ ਗ੍ਰਹਿਸਤ ਤਜਿ ਫਿਰਿ ਉਨਕੇ ਘਰ ਮੰਗਣਿ ਜਾਈ।
ਬਿਨ ਦਿੱਤੇ ਕਛੁ ਹਥਿ ਨ ਆਈ। ੪੦।੧1
ਜੋਗੀਆਂ ਇੰਨੀ ਕਰੜੀ ਗੱਲ ਸੁਣ ਕੇ ਭਬਕਾਂ ਮਾਰਨੀਆਂ ਆਰੰਭੀਆਂ ਤੇ ਸਾਰੇ ਲੋਕਾਂ ਵਿਚ ਇਹ ਪ੍ਰਚਾਰ ਕਰ ਦਿੱਤਾ ਕਿ ਗੁਰੂ ਨਾਨਕ ਛੇ ਸ਼ਾਸਤਰਾਂ ਨੂੰ ਨਿੰਦ ਰਿਹਾ ਹੈ। ਨਾਟਕ ਚੇਟਕ ਵੀ ਅਰੰਭ ਦਿੱਤੇ। ਇਕ ਪਾਸੇ ਨਿੰਦਿਆ, ਦੂਜੇ ਪਾਸੇ ਆਪਣੇ ਪੱਖ ਦਾ ਰੁਹਬ ਕਰਾਮਾਤਾਂ ਦਿਖਲਾ ਕੇ ਕੀਤਾ ਪਰ ਜਿਉਂ-ਜਿਉਂ ਉਹ ਨਿੰਦਿਆ ਕਰਨ ਤੇ ਕਰਾਮਾਤਾਂ ਦਿਖਲਾਉਣ, ਬਾਬਾ ਜੀ ਹੋਰ ਸ਼ਾਂਤ ਹੋ ਜਾਣ। ਸਿੱਧ ਆਪਣੀ ਬਾਲੀ ਅੱਗ (ਨਿੰਦਿਆ ਤੇ ਅਹੰਕਾਰ) ਵਿਚ ਆਪੇ ਹੀ ਸੜਨ ਲੱਗੇ।
'ਖਟ ਦਰਸਨ ਕਉ ਖੋਦਿਆ,
ਕਲਿ ਜੁਗਿ ਨਾਨਕ ਬੇਦੀ ਆਈ।
ਸਿਧਿ ਬੋਲਣਿ ਸਭਿ ਅਵਖਧੀਆਂ,
ਤੰਤ੍ਰ ਮੰਤ੍ਰੁ ਕੀ ਸੁਨੇ ਚੜਾਈ। ਰੂਪ ਵਟਾਏ ਜੋਗੀਆਂ,
ਸਿੰਘ ਬਾਘ ਬਹੁ ਚਲਿਤ ਦਿਖਾਈ।
ਸਿੱਧਾਂ ਅਗਨਿ ਨ ਬੁਝੈ ਬੁਝਾਈ ॥੪੧।੧।
ਜਦ ਲੋਕਾਂ 'ਤੇ ਰਤਾ ਵੀ ਪ੍ਰਭਾਵ ਨ ਪੈਂਦਾ ਉਨ੍ਹਾਂ ਨੇ ਡਿੱਠਾ ਤਾਂ ਕਹਿਣ ਲੱਗੇ ਕਿ ਤੁਸਾਂ ਕਿਹੜੀ ਕਰਾਮਾਤ ਜਗਤ ਨੂੰ ਦੱਸੀ ਹੈ ਕਿ ਇਹ ਹੋਰ ਕਰਾਮਾਤਾਂ ਦੇਖ ਕੇ ਭਰਮਦੇ ਨਹੀਂ।
'ਸਿਧਿ ਬੋਲਨਿ ਸੁਣਿ ਨਾਨਕਾ,
ਤੁਹਿ ਜਗ ਨੇ ਕਿਆ ਕਰਾਮਾਤ ਦਿਖਲਾਈ ।'
ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕੋਈ ਐਸੀ ਵਸਤੂ ਨਹੀਂ ਹੈ, ਜੋ ਉਨ੍ਹਾਂ ਦਾ ਧਿਆਨ ਖਿੱਚ ਸਕੇ । ਗੁਰੂ ਸੰਗਤ ਤੇ ਬਾਣੀ ਬਿਨਾਂ ਹੋਰ ਕੋਈ ਓਟ ਮਨੁੱਖ ਦੇ ਕੰਮ ਨਹੀਂ ਆਉਣੀ। ਜਿਸ ਨੇ ਕਰਤਾ ਪੁਰਖ ਦੀ ਸ਼ਕਤੀ ਨੂੰ ਜਾਣ ਲਿਆ ਉਹ ਕਿਸੇ ਦੇ ਡੋਲਾਇਆ ਡੋਲਦਾ ਨਹੀਂ। ਸ਼ਬਦ ਅੱਗੇ ਕੋਈ ਕਰਾਮਾਤ, ਤੰਤ੍ਰ ਮੰਤ੍ਰ ਨਹੀਂ ਚਲ ਸਕਦਾ। 'ਸ਼ਬਦ ਗੁਰੂ ਕੇ ਕਲਾ ਛਪਾਈ। ਸਿੱਧਾਂ ਕੋਲ ਦੋ ਹੀ ਅੱਖਰ ਸਨ 'ਦ' ਅਤੇ 'ਕ'। 'ਦ' ਦਾ ਭਾਵ ਸੀ ਦ੍ਰਿੜ੍ਹਤਾ ਜੋਗ ਦੀ ਤੇ 'ਕ' ਦਾ ਅਰਥ ਸੀ 'ਕਰਾਮਾਤ' ਦਾ ਸਹਾਰਾ। ਗੁਰੂ ਜੀ ਨੇ ਕਿਹਾ ਸਾਰੀਆਂ ਮੱਤਾਂ ਦੇਣ ਵਾਲਾ ਦਾਤਾ ਇਕ ਗੁਰ-ਸ਼ਬਦ ਹੈ ਤੇ 'ਕ' ਕਰਾਮਾਤ ਦਾ ਸਹਾਰਾ ਨਹੀਂ ਲੈਣਾ, ਉਸ ਨੂੰ ਬੇਅੰਤ ਜਾਣਨਾ ਹੈ। ਇਹ ਹੀ ਕਰਾਮਾਤ ਹੈ। ਕੁਝ ਨਾ ਚਲਦਾ ਦੇਖ, ਲਾਚਾਰ ਹੋ ਜੋਗੀ ਗੁਰੂ ਜੀ ਦੀ ਸ਼ਰਨ ਪੈ ਗਏ।