

ਹਾਟੁ ਪਟਣੁ ਘਰੁ ਗੁਰੂ ਦਿਖਾਇਆ, ਸਹਜੇ ਸਚੁ ਵਾਪਾਰੋ।
ਖੰਡਿਤ ਨਿਦਾ ਅਲਪ ਅਹਾਰੰ, ਨਾਨਕ ਤਤੁ ਬੀਚਾਰੋ। ੮।
ਉਨ੍ਹਾਂ ਦੇ ਅਗਲੇ ਮੂਲ ਪ੍ਰਸ਼ਨ ਸਨ ਕਿ ਜੀਵ ਨੂੰ ਐਸੀ ਕੀ ਮਜਬੂਰੀ ਆਣ ਪਈ ਹੈ ਕਿ ਸੱਪਣੀ ਮਾਇਆ ਇਸ ਨੂੰ ਖਾਈ ਜਾ ਰਹੀ ਹੈ ਤੇ ਅੱਗੋਂ ਬਚਾਅ ਲਈ ਕੁਝ ਵੀ ਨਹੀਂ ਕਰ ਸਕਦਾ। ਜੀਵਨ ਦਾ ਲਾਭ ਕਿਵੇਂ ਗਵਾ ਬੈਠਾ ਹੈ ਤੇ ਹੁਣ ਲਾਭ ਕਿਵੇਂ ਮਿਲੇ ? ਪਾਕ ਕਿਵੇਂ ਹੋਵੇ ਤੇ ਹਨੇਰਾ ਕਿਵੇਂ ਜਾਏ?
'ਕਿਉਂ ਕਰਿ ਬਾਧਾ, ਸਰਪਨਿ ਖਾਧਾ।
ਕਿਉਂ ਕਰਿ ਖੋਇਆ, ਕਿਉਂ ਕਰਿ ਲਾਧਾ।
ਕਿਉਂ ਕਰਿ ਨਿਰਮਲੁ, ਕਿਉਂ ਕਰਿ ਅੰਧਿਆਰਾ।' ੧੪।
ਗੁਰੂ ਨਾਨਕ ਦੇਵ ਜੀ ਦਾ ਉੱਤਰ ਸੀ :
‘ਦੁਰਮਤਿ ਬਾਧਾ, ਸਰਪਨਿ ਖਾਧਾ।
ਮਨਮੁਖਿ ਖੋਇਆ, ਗੁਰਮੁਖਿ ਲਾਧਾ।
ਸਤਿਗੁਰ ਮਿਲੈ ਅੰਧੇਰਾ ਜਾਇ।
ਨਾਨਕ ਹਉਮੈ ਮੇਟਿ ਸਮਾਇ।' ੧੫।
ਮਾੜੀ ਮੱਤ ਹੀ ਇਸ ਨੂੰ ਮਾਇਆ ਵਿਚੋਂ ਨਿਕਲਣ ਨਹੀਂ ਦਿੰਦੀ। ਚਸਕੇ ਇਸ ਨੂੰ ਉਸ ਵਿਚ ਖੁਭੋਈ ਰੱਖਦੇ ਹਨ। ਮਨ ਦੇ ਪਿੱਛੇ ਤੁਰਨ ਵਾਲੇ ਨੇ ਜੀਵਨ ਦਾ ਰਾਹ ਗਵਾ ਲਇਆ ਹੈ। ਗੁਰੂ ਦੇ ਹੁਕਮ ਵਿਚ ਟੁਰਨ ਵਾਲੇ ਨੇ ਪਾ ਲਇਆ ਹੈ। ਸਤਿਗੁਰੂ ਮਿਲ ਜਾਏ ਤਾਂ ਮਾਇਆ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਸਤਿਗੁਰੂ ਮਿਲਦਾ ਹੈ, ਹਉਮੈ ਮੇਟਣ ਨਾਲ।
ਜਦ ਉਨ੍ਹਾਂ ਕਿਹਾ ਕਿ ਤੁਸਾਂ ਵੀ ਘਰ ਛੱਡਿਆ, ਭੇਖ ਉਦਾਸੀ ਕੀਤਾ, ਤਾਂ ਆਪ ਜੀ ਦਾ ਉੱਤਰ ਸੀ ਕਿ ਘਰ ਛੱਡਿਆ ਸਿਰਫ਼ ਗੁਰਮੁਖ ਲੱਭਣ ਲਈ ਅਤੇ ਜਦ ਗੁਰਮੁਖਾਂ ਦੀ ਸੰਗਤ ਬਣ ਗਈ ਤਾਂ ਫਿਰ ਸੰਸਾਰੀ ਕੱਪੜੇ ਪਹਿਨ ਲਏ। ਭੇਖ ਧਾਰੇ, ਹਰ ਧਰਮ ਦਾ ਤਤੁ ਦੇਖਣ ਲਈ।
'ਗੁਰਮੁਖ ਖੋਜਤ ਭਏ ਉਦਾਸੀ।
ਦਰਸਨ ਕੇ ਤਾਈ ਭੇਖ ਨਿਵਾਸੀ'। ੧੮।
ਫਿਰ ਉਨ੍ਹਾਂ ਸ੍ਰਿਸ਼ਟੀ ਰਚਨਾ ਬਾਰੇ ਪ੍ਰਸ਼ਨ ਪੁੱਛੇ ਤਾਂ ਆਪ ਜੀ ਨੇ 'ਆਦਿ ਕਉ ਬਿਸਮਾਦੁ ਬੀਚਾਰ ਕਥੀਅਲੇ' ਕਹਿ ਕੇ ਉਨ੍ਹਾਂ ਨੂੰ ਚੁੱਪ ਕਰਾ ਦਿੱਤਾ। ਗੁਰੂ ਦੇ ਸ਼ਬਦ ਨੂੰ ਨਾ ਸਮਝਣ ਵਾਲਾ ਹੀ ਮਾੜੇ ਬਚਨ ਬੋਲਦਾ ਹੈ। ਸੁਖ ਉਸੇ ਪਾਸ ਹੈ ਜੋ ਪ੍ਰਭੂ ਦੇ ਰੰਗ ਵਿਚ ਰੰਗਿਆ ਹੈ, ਪ੍ਰਭੂ ਰੰਗ ਵਿਚ ਰੋਗ ਨੂੰ ਗੁਰੂ ਨਾਨਕ ਜੀ 'ਗੁਰਮੁਖਿ' ਆਖਦੇ ਹਨ।
'ਸਬਦੁ ਨ ਚੀਨੈ ਲਵੈ ਕੁਬਾਣਿ।
ਨਾਨਕ ਸਾਚਿ ਰਤੇ ਸੁਖੁ ਜਾਣਿ। ੨੬।
ਗੁਰਮੁਖਿ ਪਾਈਐ ਅਲਖ ਅਪਾਰੁ।
ਨਾਨਕ ਗੁਰਮੁਖਿ ਮੁਕਤਿ ਦੁਆਰੁ। ੨੮ ।'