

ਉਨ੍ਹਾਂ ਦੇ ਅਗਲੇ ਜ਼ਰੂਰੀ ਸਵਾਲ ਸਨ ਕਿ ਜੀਵਨ ਦਾ ਮੂਲ ਕੀ ਹੈ? ਕਿਹੜੀ ਸਿੱਖਿਆ ਧਾਰਨ ਦਾ ਇਹ ਸਮਾਂ ਹੈ, ਕਿਸ ਗੁਰੂ ਦੇ ਚੇਲੇ ਹੋ ਤੁਸੀਂ ਤੇ ਕਿਹੜੇ ਸਾਧਨ ਨਾਲ ਨਿਰਲੇਪ ਰਹਿੰਦੇ ਹੋ?
'ਕਵਣ ਮੂਲੁ, ਕਵਣ ਮਤਿ ਵੇਲਾ।
ਤੇਰਾ ਕਵਣੁ ਗੁਰੂ, ਜਿਸ ਕਾ ਤੂ ਚੇਲਾ । ੪੩।
ਮਹਾਰਾਜ ਦਾ ਉੱਤਰ ਸੀ :
'ਪਵਨ ਅਰਂਤੁ ਸਤਿਗੁਰ ਮਤਿ ਵੇਲਾ।
ਸਬਦੁ ਗੁਰੂ ਸੁਰਤਿ ਧੁਨਿ ਚੇਲਾ।' 881
ਸਵਾਸ ਹੀ ਹਸਤੀ ਦਾ ਮੁੱਢ ਹੈ। ਸੋ ਸਵਾਸਾਂ ਰਾਹੀਂ ਉਸਨੂੰ ਯਾਦ ਕਰਨਾ ਹੀ ਜ਼ਿੰਦਗੀ ਦਾ ਮਨੋਰਥ ਹੈ। ਸ਼ਬਦ ਗੁਰੂ ਹੈ ਤੇ ਸੁਰਤਿ ਦਾ ਟਿਕਾਉ ਉਸ ਦਾ ਚੇਲਾ ਹੈ।
ਫਿਰ ਉਨ੍ਹਾਂ ਪੁੱਛਿਆ ਕਿ ਮਾਇਆ ਤਾਂ ਕਰੜੀ ਹੈ, ਇਹ ਵੀਚਾਰਾਂ ਦੀ ਮੋਮ ਨਾਲ ਕਿਵੇਂ ਖਾਧੀ ਜਾ ਸਕਦੀ ਹੈ ? ਮਹਾਰਾਜ ਦਾ ਉੱਤਰ ਸੀ ਕਿ ਕਰੜੀ ਹਉਮੈ ਹੈ। ਹਉਮੈ ਵਾਲਿਆਂ ਲਈ ਹੀ ਮਾਇਆ ਕਰੜੀ ਹੈ, ਪਰ ਜੋ ਆਪ ਨੂੰ ਗੁਰੂ ਸ਼ਬਦ ਅਧੀਨ ਕਰ ਕੇ ਟੁਰਦੇ ਹਨ, ਉਨ੍ਹਾਂ ਨੂੰ ਇਸ ਦਾ ਕਰੜਾਪਣ ਕੁਝ ਨਹੀਂ ਕਹਿੰਦਾ।
'ਜਗੁ ਕਰੜਾ ਮਨਮੁਖੁ ਗਾਵਾਰੁ॥
ਸਬਦੁ ਕਮਾਈਐ ਖਾਈਐ ਸਾਰੁ। ੪੬॥
ਉਨ੍ਹਾਂ ਦਾ ਇਕ ਹੋਰ ਪ੍ਰਸ਼ਨ ਸੀ ਕਿ ਮਨ ਵਿਚ ਸਦਾ ਠੰਢ-ਸ਼ਾਂਤੀ ਕਿਸ ਤਰ੍ਹਾਂ ਬਣੀ ਰਹਿ ਸਕਦੀ ਹੈ ਤੇ ਗਿਆਨ ਦਾ ਸੂਰਜ ਕਿਵੇਂ ਸਦਾ ਚੜ੍ਹਿਆ ਰਹਿ ਸਕਦਾ ਹੈ ? ਮਹਾਰਾਜ ਦਾ ਉੱਤਰ ਸੀ ਕਿ ਸਤਿਗੁਰੂ ਦਾ ਸ਼ਬਦ ਉਚਾਰਦਿਆਂ ਹਿਰਦੇ ਵਿਚ ਚੰਦਰਮਾ ਦੀ ਅਪਾਰ ਜੋਤ, ਸ਼ਾਂਤੀ ਪੈਦਾ ਹੋ ਸਕਦੀ ਹੈ ਤੇ ਸ਼ਾਂਤ ਹਿਰਦੇ ਵਿਚ ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ।
'ਸਬਦੁ ਭਾਖਤ ਸਸਿ ਜੋਤਿ ਅਪਾਰਾ।
ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ।
ਸੁਖੁ ਦੁਖੁ ਸਮ ਕਰਿ ਨਾਮੁ ਅਧਾਰਾ।' ੪੯।
ਉਨ੍ਹਾਂ ਫਿਰ ਪੁੱਛਿਆ: ਜਿਸ ਸ਼ਬਦ ਦੀ ਤੁਸੀਂ ਇਨੀ ਮਹਿਮਾ ਦੱਸ ਰਹੇ ਹੋ, ਉਸ ਦਾ ਵਾਸਾ ਕਿੱਥੇ ਹੈ ?
'ਸੁ ਸਬਦ ਕਾ ਕਹਾ ਵਾਸੂ ਕਬੀਅਲੇ,
ਜਿਤੁ ਤਰੀਐ ਭਵਜਲੁ ਸੰਸਾਰੋ । ੫੮।
ਮਹਾਰਾਜ ਨੇ ਕਹਿਆ ਕਿ ਉਹ ਸ਼ਬਦ ਹਰ ਥਾਂ ਹੈ, ਸ਼ਬਦ ਪ੍ਰਭੂ ਦਾ ਰੂਪ ਹੈ। ਜਿਧਰ ਦੇਖੋ ਉਧਰ ਸ਼ਬਦ ਹੀ ਸ਼ਬਦ ਹੈ, ਉਸ ਦਾ ਕੋਈ ਖ਼ਾਸ ਘਰ ਜਾਂ ਮੁਕਾਮ ਨਹੀਂ।
'ਸੁ ਸਬਦ ਕਉ ਨਿਰੰਤਰਿ ਵਾਸੁ ਅਲਖ,
ਜਹ ਦੇਖਾ ਤਹ ਸੋਈ ।' ੫੯।