

ਨਾਲ ਢੁਕਵਾਂ ਹੋਰ ਸਵਾਲ ਸੀ ਕਿ ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿੱਥੋਂ ਖ਼ੁਰਾਕ ਲੈਂਦੇ ਹਨ? ਗੁਰੂ ਜੀ ਦਾ ਉੱਤਰ ਸੀ : ਸਤਿਗੁਰੂ ਦੇ ਸ਼ਬਦ ਤੋਂ ਬਿਨਾਂ ਪ੍ਰਾਣਾਂ ਨੂੰ ਰਸ ਨਹੀਂ ਆਉਂਦਾ। ਗੁਰੂ ਸ਼ਬਦ ਤੋਂ ਬਿਨਾਂ ਹਉਮੈ ਦੀ ਤੇਹ ਨਹੀਂ ਮਿਟਦੀ।
'ਬਿਨ ਸਬਦੈ ਰਸੁ ਨ ਆਵੈ ਅਉਧੂ, ਹਉਮੈ ਪਿਆਸ ਨ ਜਾਈ। ੬੧।
ਉਨ੍ਹਾਂ ਨੇ ਫਿਰ ਪੁੱਛਿਆ :
'ਜਾ ਇਹੁ ਹਿਰਦਾ ਦੇਹ ਨ ਹੋਤੀ,
ਤਉ ਮਨੁ ਕੈਸੇ ਰਹਤਾ।' ੬੬।
ਮਹਾਰਾਜ ਦਾ ਉੱਤਰ ਸੀ :
'ਹਿਰਦਾ ਦੇਹ ਨ ਹੋਤੀ ਅਉਧੂ,
ਤਉ ਮਨੁ ਸੁੰਨਿ ਰਹੈ ਬੈਰਾਗੀ।' ੬੭।
ਉਸ ਵੇਲੇ ਮਨ ਨਿਰਗੁਣ ਪ੍ਰਭੂ ਵਿਚ ਟਿਕਿਆ ਹੋਇਆ ਸੀ :
ਜੋਗੀਆਂ ਦਾ ਆਖ਼ਰੀ ਸਵਾਲ ਸੀ ਕਿ ਜਗਤ ਕਿਸ-ਕਿਸ ਵਿਧੀ ਨਾਲ ਉਪਜਦਾ ਹੈ, ਕਿਵੇਂ ਦੁੱਖ ਵਿਚ ਪੈਂਦਾ ਹੈ ਤੇ ਨਾਸ ਹੋ ਜਾਂਦਾ ਹੈ ?
'ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ
ਕਿਤੁ ਕਿਤੁ ਦੁਖਿ ਬਿਨਸਿ ਜਾਈ।' ੬੮।
ਤਾਂ ਮਹਾਰਾਜ ਦਾ ਉੱਤਰ ਸੀ :
'ਹਉਮੈ ਵਿਚਿ ਜਗੁ ਉਪਜੈ ਪੁਰਖਾ
ਨਾਮਿ ਵਿਸਰਿਐ ਦੁਖੁ ਪਾਈ। ੬੮॥
ਫਿਰ ਸਾਰੀ ਗੱਲ ਬਾਤ ਦਾ ਸਾਰ ਦਿੰਦੇ ਹੋਏ ਫਰਮਾਇਆ ਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਮਿਲਾਪ ਨਹੀਂ। ਜੋ ਨਾਮ ਵਿਚ ਰਤੇ ਹੋਏ ਹਨ, ਉਹ ਹਰ ਵੇਲੇ ਮਸਤ ਹਨ।
'ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ,
ਬਿਨੁ ਨਾਵੈ ਜੋਗੁ ਨ ਹੋਈ।
ਨਾਮੇ ਰਾਤੇ ਅਨਦਿਨ ਮਾਤੇ,
ਨਾਮੇ ਤੇ ਸੁਖੁ ਹੋਈ।' ੭੨।
ਗੱਲ ਕੀ, ਸਿਧ ਗੋਸ਼ਟ ਇਕ ਐਸੀ ਰਚਨਾ ਹੈ ਜਿਸ ਵਿਚ ਗੁਰੂ ਨਾਨਕ ਦੇਵ ਜੀ ਨੇ ਕੇਵਲ ਉਸ ਵੇਲੇ ਦੇ ਸਿੱਧਾਂ ਜੋਗੀਆਂ ਨੂੰ ਨਿਰੁੱਤਰ ਨਹੀਂ ਕੀਤਾ ਸਗੋਂ ਹਰ ਸਮੇਂ ਜਦ ਵੀ ਐਸੇ ਪ੍ਰਸ਼ਨ ਉਠਾਏ ਜਾਣਗੇ, ਉਨ੍ਹਾਂ ਦੇ ਬਚਨ ਰਾਹ ਸੁਖਾਲਾ ਕਰ ਦੇਣਗੇ।
ਮੁਲਤਾਨ : ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ 'ਮੇਲਿਓ (ਅਚਲ ਵਟਾਲੇ ਤੋਂ) ਬਾਬਾ ਉਠਿਆ ਮੁਲਤਾਨੇ ਦੀ ਜਾਰਤ ਜਾਈ।'
ਮੁਲਤਾਨ ਦਾ ਪੁਰਾਤਨ ਨਾਂ ਪ੍ਰਹਿਲਾਦਪੁਰੀ ਸੀ। ਹਰਨਾਕਸ਼ ਤੇ ਹਰਨਿਕਸ਼ਪ ਦੇ ਮਾਣ ਉੱਥੇ ਹੀ ਟੁੱਟੇ ਸਨ। 'ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਿਲਾਦੁ ਤਰਾਇਆ', ਅਸੀਂ ਉਸ ਦੀ ਯਾਦ ਵਿਚ ਰੋਜ਼ ਪੜ੍ਹਦੇ ਹਾਂ। ਫਿਰ ਪਿੱਛੋਂ ਮੁਲਤਾਨ ਦਾ ਨਾਂ ਭਗਤਪੁਰੀ