

ਲਾਲ ਜੀ ਨੇ ਵੀ ਗਵਾਹੀ ਦਿੱਤੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕੇਵਲ ਇਕ ਸ਼ਬਦ ਹੀ ਵਰਤਾਇਆ ਅਤੇ ਆਪਣਾ ਜੀਵਨ ਵੀ ਸ਼ਬਦ ਵਿਚ ਹੀ ਢਾਲ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਬਦ ਵਿਚ ਹੀ ਸਭ ਕੁਝ ਹੈ। ਗੁਰੂ ਨਾਨਕ ਦੇਵ ਜੀ ਨੇ ਸ਼ਬਦ ਵਿਚ ਹੀ ਸਭ ਕੁਝ ਰੂਪਮਾਨ ਕਰ ਦਿੱਤਾ ਹੈ। ਜਿਨ੍ਹਾਂ ਸ਼ਬਦ ਪਾ ਲਿਆ, ਗੁਰੂ ਜੀ ਉਸੇ ਤੋਂ ਵਾਰੀ ਜਾਂਦੇ ਹਨ।
ਮੁਨਸ਼ੀ ਸੋਹਣ ਲਾਲ ਦੇ ਲਿਖੇ ਸ਼ਬਦ ਵੀ ਭਾਵ ਪੂਰਤ ਹਨ। ਉਹ ਲਿਖਦਾ ਹੈ ਕਿ ਪੁੱਤਰਾਂ ਦੇ ਭਾਗਾਂ ਵਿਚ ਹਕੀਕੀ ਰਾਜ ਤੇ ਆਤਮਕ ਖ਼ਜ਼ਾਨੇ ਦੀ ਨਿਆਮਤ ਲਿਖੀ ਨਹੀਂ ਸੀ। ਭਾਈ ਲਹਿਣਾ ਹੀ ਗੁਰੂ ਨਾਨਕ ਦੇਵ ਜੀ ਦਾ ਸੱਚਾ, ਸੁੱਚਾ, ਖਰਾ, ਖ਼ੁਸ਼- ਨਸੀਬ, ਸ਼ੁੱਭਇੱਛਕ, ਅਨਿਨ ਸੇਵਕ ਤੇ ਪੱਕਾ ਰਾਜ਼ਦਾਰ ਬਣਿਆ। ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਗੁਰ-ਗੱਦੀ ਬਖ਼ਸ਼ੀ।
ਬਸ ਇਸ ਤਰ੍ਹਾਂ ਸਿਰ ਤੇ ਛਤਰ ਝੁਲਾ ਕੇ ਕਰਤਾਰਪੁਰ ਡੇਰੇ ਮੁੜ ਆਏ।
ਜੋਤੀ ਜੋਤ ਸਮਾਉਣਾ : ਗੁਰੂ ਗੱਦੀ ਬਖ਼ਸ਼ਣ ਪਿੱਛੋਂ ਗੁਰੂ ਨਾਨਕ ਦੇਵ ਜੀ ਚਾਰ ਕੁ ਮਹੀਨੇ ਹੀ ਜੀਵਤ ਰਹੇ। ਮੇਹਰਬਾਨ ਜੀ ਦੇ ਸ਼ਬਦਾਂ ਵਿਚ 'ਤਬ ਗੁਰੂ ਨਾਨਕ ਜੀ ਗੁਰੂ ਅੰਗਦ ਕਉ ਸ਼ਬਦ ਕੀ ਥਾਪਣਾ ਦੇ ਕਰ ਸੰਮਤ ੧੫੯੬, ਅੱਸੂ ਵਦੀ ੧੦ ਦਸਮੀ ਕਉ ਆਪ ਸੱਚ ਖੰਡ ਸਿਧਾਰੇ। ਚਲਾਣੇ ਸਮੇਂ ਅੰਮ੍ਰਿਤ ਵੇਲਾ ਸੀ। ਇਸ ਹਿਸਾਬ ਨਾਲ ੫ ਸਤੰਬਰ ੧੫੩੯ ਬਣਦਾ ਹੈ। ਪੁਰਾਤਨ ਜਨਮ ਸਾਖੀ ਦੀ ਗਵਾਹੀ ਅਨੁਸਾਰ 'ਤਿਤ ਮਹਲ ਜੋ ਹੋਆ ਸੋ ਪੋਥੀ ਜੁ ਬਾਨਿ ਗੁਰੁ ਅੰਗਦ ਜੋਗ ਮਿਲੀ।' ਅਤੇ ਸੱਤਾ ਬਲਵੰਡ ਅਨੁਸਾਰ 'ਸ਼ਬਦ ਖ਼ਜ਼ਾਨਾ ਬਖਸਿਉਨ। ਜੋਤੀ ਜੋਤ ਸਮਾਉਣ ਵੇਲੇ ਤੁਖਾਰੀ ਰਾਗ ਦਾ ਬਾਰਹਮਾਹ ਉਚਾਰਿਆ :
'ਤੂੰ ਸੁਣਿ ਕਿਰਤ ਕਰੰਮਾ, ਪੁਰਬਿ ਕਮਾਇਆ॥
ਸਿਰਿ ਸਿਰਿ ਸੁਖ ਸਹੰਮਾ, ਦੇਹ ਸੁ ਤੂ ਭਲਾ ॥'
ਦੀ ਤੁਕ ਪੜ੍ਹ ਕੇ ਕਿੰਨਾ ਚਿਰ 'ਭਲਾ-ਭਲਾ-ਭਲਾ' ਹੀ ਕਹਿੰਦੇ ਰਹੇ।
ਫਿਰ, 'ਜੈ ਘਰਿ ਕੀਰਤਿ ਆਖੀਐ
ਕਰਤੇ ਕਾ ਹੋਇ ਬੀਚਾਰੋ।'
ਦਾ ਸ਼ਬਦ ਗਾਉਣ ਦਾ ਹੁਕਮ ਦਿੱਤਾ।
ਰਾਗ ਗਉੜੀ ਦੀਪਕੀ ਹੋਇਆ। ਫਿਰ ਧਨਾਸਰੀ ਹੋਇਆ। ਆਰਤੀ ਗਾਵੀ । ਤਿਤ ਮਹਲ ਕੀਰਤਨ ਹੋਆ। ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ' ਦਾ ਸਲੋਕ ਪੜ੍ਹਿਆ ਤੇ ਆਖ਼ਰੀ ਤੁਕ :
'ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ।'
ਕਹਿੰਦਿਆਂ ਹੀ ਗੁਰੂ ਬਾਬੇ ਚਾਦਰ ਉਪਰ ਲੈ, ਮੂੰਹੋਂ ਵਾਹਿਗੁਰੂ ਕਹਿ ਮੱਥਾ ਟੇਕਿਆ। ਇਸ ਤਰ੍ਹਾਂ ਜੋਤੀ ਜੋਤ ਸਮਾ ਗਏ।
1. ਅਰਜੁਲ-ਅਲਫਾਜ਼।