'ਅਲਫ਼ ਬੇਇ ਤੁਮ ਹਮ ਲਿਖ ਦੀਨਾ॥
ਮਾਇਨੇ ਅਲਫ਼ ਨਹੀਂ ਤੁਮ ਚੀਨਾ॥
ਸਮਝ ਅਲਰ ਇਲ ਮਹਿ ਬਜਾਵੇ॥
ਹੋਇ ਨਜਾਤ ਦੋਜਖ ਨਹੀਂ ਜਾਵੇ।
ਜੇ ਕੋਈ ਉਨ੍ਹਾਂ ਪਾਸ ਹਿੰਦੂ ਆਏ ਤਾਂ ਹਿੰਦਵੀ ਵਿਚ ਉਸ ਦੀ ਤਸੱਲੀ ਕਰਾਉਣ ਤੇ ਜੇ ਮੁਸਲਮਾਨ ਆਏ ਤਾਂ ਅਰਬੀ ਵਿਚ। ਕਨਿੰਘਮ ਵੀ ਲਿਖਦਾ ਹੈ ਕਿ "ਮੀਰ ਸਯਦ ਹਸਨ ਜੋ ਉਸ ਦੇਸ਼ ਵਿਚ ਔਲੀਆ, ਕਰਾਮਾਤੀ, ਸੁਲਹਕੁਲ ਬੇਲਾਗ ਪੀਰ ਮੰਨਿਆ ਹੋਇਆ ਸੀ, ਮਹਿਤਾ ਕਾਲੂ ਦੇ ਘਰ ਪਾਸ ਹੀ ਰਹਿੰਦਾ ਸੀ । ਉਹ ਵੀ ਬਾਬੇ ਕੋਲੋਂ ਸੀਹਰਫ਼ੀ ਸੁਣ ਕੇ ਹੱਕਾ-ਬੱਕਾ ਰਹਿ ਗਿਆ ਸੀ। ਉਸ ਦਿਨ ਤੋਂ ਬਾਬਾ ਜੀ ਨਾਲ ਬਹੁਤ ਪਿਆਰ ਤੇ ਪੱਖ ਰੱਖਣ ਲੱਗ ਪਿਆ।"
ਇਹ ਸਭ ਕੁਝ ਦੇਖ ਪੰਡਤ ਬ੍ਰਿਜਨਾਥ ਨੇ ਕਿਹਾ ਕਿ ਸ਼ਾਇਦ ਹੋਰਨਾਂ ਵਿੱਦਿਆ ਨੂੰ ਕੱਚੀਆਂ ਜਾਣਦਾ ਹੋਵੇ ਅਤੇ ਨਿਰੋਲ ਸੰਸਕ੍ਰਿਤ ਪੜ੍ਹਾਈ ਚੰਗੀ ਸਮਝਦਾ ਹੋਵੇ। ਬ੍ਰਿਜਨਾਥ ਕੋਲ ਪੁੱਜਦੇ ਸਾਰ ਇਹ ਬਚਨ ਕੀਤੇ ਕਿ ਬ੍ਰਿਜਨਾਥ ਤਾਂ ਕਿਸ਼ਨ ਦਾ ਨਾਂ ਹੈ. ਤੁਸਾਂ ਕਿਉਂ ਰੱਖਿਆ। ਬ੍ਰਿਜਨਾਥ ਅਵਾਕ ਹੋ ਗਿਆ। ਉਸ ਨੂੰ ਕਹਿਣਾ ਪਿਆ ਕਿ ਨਾਨਕ ਸਭ ਆਤਮਕ ਗਿਆਨ ਦਾ ਸੋਮਾ ਹੈ। ਉਸ ਨੂੰ ਫਿਰ ਜਦ ਅਰਥ ਸਮਝਾਉਣ ਲਈ ਕਿਹਾ ਤਾਂ ਬ੍ਰਿਜਨਾਥ ਜੀ ਨੇ ਕਿਹਾ ਕਿ ਅਰਥ ਅਜੇ ਤੁਹਾਡੇ ਵੱਸ ਵਿਚ ਦੀ ਗੱਲ ਨਹੀਂ। ਬਾਬੇ ਨਾਨਕ ਨੇ ਫਿਰ ਕਿਹਾ : ਅਰਥ ਬਿਨਾਂ ਪੜ੍ਹਨਾ ਹਨੇਰੇ ਵਿਚ ਹੱਥ ਮਾਰਨਾ ਹੈ। ਓਂਕਾਰ, ਬ੍ਰਹਮਾ ਉਤਪਤਿ ਦੀ ਵਿਚਾਰ ਉਸ ਨਾਲ ਕੀਤੀ। ਪੰਡਿਤ ਜੀ ਨੂੰ ਮੰਨਣਾ ਪਿਆ ਕਿ ਉਸ ਪਾਸ ਸਿਖਲਾਉਣ ਲਈ ਕੁਝ ਨਹੀਂ ਰਿਹਾ।
ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿਚ ਵਿੱਦਿਆ ਨੂੰ ਵੀ ਸਾਧਨ ਹੀ ਕਿਹਾ। ਭੀਤਰ ਵਸਤੂ ਪ੍ਰਗਟ ਕਰਨੀ ਹੀ ਅਸਲ ਵਿੱਦਿਆ ਦਾ ਮਨੋਰਥ ਹੈ। ਆਸਾ ਰਾਗ ਦੇ ਇਕ ਸ਼ਬਦ ਵਿਚ ਵਿਆਖਿਆ ਕਰਦੇ ਫਰਮਾਇਆ ਕਿ ਮਨ ਲਗੈ ਤਾਂ ਹੀ ਘੁੰਘਰੂ ਵੱਜਿਆ ਜਾਣੋ। ਆਸ ਨਿਰਾਸੀ ਹੈ ਤਾਂ ਹੀ ਸੰਨਿਆਸੀ ਸਮਝੋ, ਜੇ ਪੰਜਾਂ ਕਾਮਾਦਿਕ ਨੂੰ ਵੱਸ ਕਰ ਲਿਆ ਹੈ ਤਾਂ ਹੀ ਤੀਰਥ ਇਸ਼ਨਾਨੀ ਆਖੋ, ਜੇ ਦਇਆ ਹੈ. ਦੋਹੀ ਨੂੰ ਕਾਬੂ ਰੱਖਿਆ ਹੈ ਤਾਂ ਹੀ ਦਿਗੰਬਰ ਭਾਖੇ। ਆਪੇ 'ਤੇ ਕਾਬੂ ਪਾਉਣ ਵਾਲਾ, ਕਦੇ ਕਿਸੇ ਦੂਜੇ 'ਤੇ ਹੱਥ ਨਹੀਂ ਉਠਾਦਾ ਅਤੇ ਉਹ ਹੀ ਹੈ ਵਿੱਦਿਆ ਵਿਚਾਰੀ, ਵਿਦਵਾਨ, ਜੋ ਪਰਉਪਕਾਰੀ ਹੈ। ਵਿੱਦਿਆ ਪਰਉਪਕਾਰ ਲਈ ਸਾਧਨ ਬਣੇ :
'ਵਿਦਿਆ ਵੀਚਾਰੀ ਤਾਂ ਪਰਉਪਕਾਰੀ॥
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ॥੧॥
ਤਉ ਜਮ ਕਹਾ ਕਰੇ, ਮੋ ਸਿਉ ਆਗੈ॥ ੧॥ ਰਹਾਉ॥
ਘੁੰਘਰੂ ਵਾਜੈ ਜੇ ਮਨੁ ਲਾਗੈ॥
ਆਸ ਨਿਰਾਸੀ ਤਉ ਸੰਨਿਆਸੀ॥
ਜਾਂ ਜਤੁ ਜੰਗੀ ਤਾਂ ਕਾਇਆ ਭੋਗੀ॥ ੨॥