ਸਨ ਕਿ ਰਾਗ ਸੰਦ ਹੈ ਅੱਲਾ ਵੱਲੋਂ ਰੂਹ ਨੂੰ, ਰੂਹ ਦਾ ਜੁਆਬ ਹੈ ਵਜਦ ਵਿਚ ਆ ਜਾਣਾ। ਗਸ ਹੋ ਡਿੱਗ ਪੈਣਾ ਤੇ ਰੂਹ ਦਾ ਅੱਲਾ ਵਿਚ ਸਮਾ ਜਾਣਾ। ਇਹ ਹੀ ਕਾਰਨ ਲਗਦਾ ਹੈ ਕਿ ਜਿੱਥੇ ਬਾਬਾ ਨਾਨਕ ਜੀ ਆਪਣੇ ਆਪ ਨੂੰ ਸ਼ਾਇਰ ਕਹਿੰਦੇ ਸਨ ਉਥੇ ਢਾਡੀ ਤੇ ਤਬਲਬਾਜ਼ ਕਹਿ ਕੇ ਬਹੁਤ ਖ਼ੁਸ਼ ਹੁੰਦੇ ਸਨ। ਇਸ ਲਈ ਵੀ ਉਹ ਮਰਦਾਨਾ ਨੂੰ ਸਾਥ ਰੱਖਦੇ ਸਨ।
ਇਕ ਵਾਰੀ ਪੰਡਤ ਨਾਲ ਗੋਸ਼ਟ ਕਰਦੇ ਹੋਏ ਜਦ ਸ਼ਬਦ ਦੀ ਮਹਿਮਾ ਗਾਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਬਾਤਾਂ ਜੋ ਨਾਨਕ ਕਹਿੰਦਾ ਹੈ ਸਿ ਬਾਤ ਹਮ ਵੇਦ ਸ਼ਾਸਤਰ ਮਹਿ ਤੇ ਭੀ ਕਬਹ ਨਾਹਿ ਸੁਣੀ। ਵੇਦ ਤਾਂ ਕਿਸੇ ਮਨੁੱਖ ਨੂੰ ਖੁਸ਼ ਕਰਨ ਜਾਂ ਸਰਾਪ ਦੇ ਡਰ ਤੋਂ ਹੀ ਲਿਖੇ ਗਏ ਹਨ ਤੇ ਇਥੇ ਹਰ ਗੱਲ ਪਰਮਾਤਮਾ ਦੀ ਹੀ ਸੀ। ਸੱਚ ਨਾਮੁ ਕਰਤਾ ਪੁਰਖ ਦੀ ਹੀ ਸੀ। ਪੰਡਤ ਦੀ ਸਮਝ ਤੋਂ ਇਹ ਗੱਲ ਉੱਚੀ ਸੀ ਕਿ ਜੇ ਕੋਈ ਉੱਚੀ ਜਾਤ ਵਿਚ ਜੰਮ ਕੇ, ਫਿਰ ਜਾਤ ਦਾ ਅਹੰਕਾਰ ਛੱਡ ਕੇ, ਉਸ ਨੂੰ ਚੇਤੇ ਰੱਖੋ, ਉਸ ਦਾ ਕਹਿਣਾ ਹੀ ਕੀ ਪਰ ਜੇ ਕੋਈ ਨੀਵੀਂ ਜਾਤ ਵਿਚ ਪੈਦਾ ਹੋ ਕੇ ਪ੍ਰਭੂ ਦਾ ਭਗਤ ਬਣ ਜਾਏ ਤਾਂ ਬੇਸ਼ੱਕ ਉਹ ਮੇਰੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਪਹਿਣ ਲਏ :
'ਜਾਤਿ ਕੁਲੀਨ ਸੇਵਕੁ ਜੇ ਹੋਇ॥
ਤਾ ਕਾ ਕਹਣਾ ਕਹਹੁ ਨਾ ਕੋਇ॥
ਵਿਚਿ ਸਨਾਤੀ ਸੇਵਕੁ ਹੋਇ॥
ਨਾਨਕ ਪਣੀਆ ਪਹਿਰੈ ਸੋਇ ॥੪॥੧॥੬॥ (ਮਲਾਰ ਮਹਲਾ ੧, ਪੰਨਾ ੧੨੫੬)
ਸ਼ਾਦੀ : ਪੰਦਰਾਂ ਵਰ੍ਹਿਆਂ ਦੇ ਹੋਏ ਤਾਂ ਸ਼ਾਦੀ ਹੋਈ ਅਤੇ ਵੈਸਾਖੀ ਵਾਲੇ ਦਿਨ ਹੀ ਕੁੜਮਾਈ ਆਈ। ਸ਼ਾਦੀ ਬਟਾਲੇ ਹੋਈ। ਉਨ੍ਹਾਂ ਦੇ ਸਹੁਰਾ ਭਾਈ ਮੂਲਾ ਜੀ ਬਟਾਲਾ ਦੇ ਰਹਿਣ ਵਾਲੇ ਸਨ ਤੇ ਉਨ੍ਹਾਂ ਦੀ ਵੱਡੀ ਬੱਚੀ ਦਾ ਨਾਂ ਸੁਲੱਖਣੀ ਸੀ। ਸੋ ਬਰਾਤ ਬਟਾਲੇ ਹੀ ਗਈ। ਬਰਾਤ ਵਿਚ ਹਰ ਜਾਤ ਦੇ ਲੋਕੀਂ ਗਏ ਤੇ ਸਾਰਿਆਂ ਨੇ ਇਕ ਥਾਂ ਹੀ ਖਾਣਾ ਖਾਧਾ। ਜਨਮ ਸਾਖੀ ਵਾਲੇ ਇਸ ਗੱਲ ਨੂੰ ਉਚੇਚ ਕਰ ਲਿਖਦੇ ਹਨ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ। ਉਸ ਦਾ ਕਾਰਨ ਇਹ ਲਗਦਾ ਹੈ ਕਿ 'ਮਰਯਾਦਾ ਪ੍ਰਸ਼ੋਤਮ' ਰਾਮ ਜੀ ਦੀ ਜਦ ਸ਼ਾਦੀ ਹੋਈ ਸੀ ਤਾਂ ਹਰ ਜਾਤ ਵਾਲੇ ਨੂੰ ਅੱਡ-ਅੱਡ ਖਾਣਾ ਖੁਆਇਆ ਗਿਆ ਤੇ ਵੱਖ-ਵੱਖ ਅਸਥਾਨਾਂ 'ਤੇ ਟਿਕਾਇਆ ਗਿਆ ਸੀ । ਉੱਤਮ ਨੀਚ ਲਘੂ ਨਿਜ- ਨਿਜ ਬਲ ਅਨੁਹਾਰਿ, ਤੁਲਸੀ ਨੇ ਲਿਖਿਆ ਹੈ। ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕਹਿ ਦਿੱਤਾ ਸੀ ਕਿ ਸਾਰੇ ਹੀ ਇਕੋ ਥਾਂ ਪ੍ਰਸ਼ਾਦ ਛਕਣਗੇ।
ਰੀਤਾਂ ਰਸਮਾਂ ਤੋਂ ਉੱਚੇ ਹੋ ਕੇ ਵਿਆਹ ਕਰਵਾਇਆ। ਮੇਹਰਬਾਨ ਦੀ ਜਨਮ ਸਾਖੀ ਵੀ ਇਸੇ ਗੱਲ ਦੀ ਗਵਾਹੀ ਦੇਂਦੀ ਹੈ ਕਿ ਵਿਆਹ ਵੇਲੇ ਵੈਦਿਕ ਰਸਮਾਂ ਨਹੀਂ ਹੋਈਆਂ ਅਤੇ ਨਿਰੋਲ ਕੀਰਤਨ ਹੀ ਕੀਤਾ ਗਿਆ ਸੀ।