ਅਤੇ ਜਾਦੂ ਨੂੰ ਹੀ ਧਰਮ ਬਣਾ ਲਿਆ ਹੈ, ਉਨ੍ਹਾਂ ਨੂੰ ਸੱਚਾ ਮਾਰਗ ਦੱਸੋ ਤਾਂ ਕਿ ਉਹ ਸਿਮਰਨ ਰਾਹੀਂ ਸੱਚ ਨੂੰ ਪਾ ਸਕਣ। ਉਨ੍ਹਾਂ ਨੂੰ ਯਾਦ ਪੱਕੀ ਕਰਨ ਦਾ ਵੱਲ ਸਿਖਾਓ। ਸੰਸਾਰ ਨੂੰ ਦੁੱਖ ਸੁੱਖ ਦਾ ਅੰਤਰ ਪਤਾ ਨਹੀਂ। ਮੇਰੇ ਵਲੋਂ ਮੂੰਹ ਮੋੜ ਕੇ ਦੁਖੀ ਹੋ ਰਹੇ ਹਨ। ਇਨ੍ਹਾਂ ਦਾ ਮੂੰਹ ਇਧਰ ਫੇਰ ਦਿਉ। ਪ੍ਰਭੂ ਦੀ ਯਾਦ ਬਿਨਾਂ ਹੋਰ ਕੋਈ ਸਹਾਈ ਨਹੀਂ।'
ਚੌਥੇ ਦਿਨ ਜਦ ਗੁਰੂ ਨਾਨਕ ਦੇਵ ਜੀ ਸ਼ਹਿਰ ਵਿਚ ਦਾਖ਼ਲ ਹੋਏ ਤਾਂ ਖਫ਼ਨੀ ਬੰਨ੍ਹ ਕੇ ਪੁਕਾਰ ਰਹੇ ਸਨ 'ਨਾ ਕੋ ਹਿੰਦੂ ਨਾ ਮੁਸਲਮਾਨ। ਇਹ ਯਾਦ ਰਹੇ ਕਿ ਸਕੰਦਰ ਲੋਧੀ ਨੇ ਇਤਿਹਾਸਕਾਰ ਫ਼ਰਿਸ਼ਤਾ ਦੇ ਕਹਿਣ ਅਨੁਸਾਰ : "ਇਕ ਬੋਧਣ ਨਾਂ ਦੇ ਬ੍ਰਾਹਮਣ, ਜੋ ਲਖਨਊ ਦੇ ਨੇੜੇ ਰਹਿੰਦਾ ਸੀ, ਦਾ ਨਿਰੋਲ ਇਸ ਲਈ ਸਿਰ ਵੱਢਣ ਦਾ ਹੁਕਮ ਦਿੱਤਾ ਕਿ ਉਸ ਨੇ ਕਿਹਾ ਸੀ ਕਿ ਇਸਲਾਮ ਵੀ ਚੰਗਾ ਹੈ ਤੇ ਹਿੰਦੂ ਧਰਮ ਵੀ ਮਾੜਾ ਨਹੀਂ। ਉਸ ਇਸਲਾਮੀ ਰਾਜ ਵਿਚ 'ਨਾ ਕੋ ਹਿੰਦੂ ਨਾ ਮੁਸਲਮਾਨ ਕਹਿਣਾ' ਸਿਰ ਤਲੀ 'ਤੇ ਰੱਖਣਾ ਹੀ ਸੀ ਇਸ ਲਈ ਜਨਮ ਸਾਖੀ ਵਾਲਿਆਂ ਲਿਖਿਆ ਹੈ ਕਿ ਜਦ ਉਹ ਵੇਈਂ ਤੋਂ ਬਾਹਰ ਆਏ ਤਾਂ 'ਖਫ਼ਨੀ ਪਹਿਰ ਕਰ ਨਿਕਲ ਗਇਆ।' ਸੱਚੀ ਗੱਲ ਕਫਨ ਬੰਨ੍ਹ ਕੇ ਹੀ ਆਖੀ ਜਾ ਸਕਦੀ ਹੈ। ਸਾਰਾ ਸ਼ਹਿਰ ਇਸ ਇਨਕਲਾਬੀ ਬਚਨ ਬੋਲਣ ਵਾਲੇ ਦੇ ਦਰਸ਼ਨਾਂ ਨੂੰ ਟੁੱਟ ਪਿਆ। ਜਦ ਹਰ ਕੋਈ ਉਸਤਤਿ ਕਰਨ ਲੱਗਾ ਤਾਂ ਆਪ ਜੀ ਨੇ ਭਾਈ ਭਗੀਰਥ ਆਦਿ ਸਿੱਖਾਂ ਨੂੰ ਕਿਹਾ : 'ਮੈਂ ਲੋਕਾਂ ਸਿਉਂ ਕਿਆ ਹੈ? ਜਹਾਨ ਤੇ ਤਮਾਸ਼ਗੀਰ ਹੈ। ਬਾਜ਼ੀ ਕੀ ਨਿਆਈ ਆਵਤ ਹੈ'। ਗੁਰੂ ਬਾਬੇ ਦਾ ਚਮਤਕਾਰੀ ਚਿਹਰਾ ਦੇਖ ਕਈ ਕਹਿਣ ਲੱਗੇ, 'ਅੱਗੇ ਤਾਂ ਬਾਬਾ ਹੋਰ ਥਾ, ਅਬ ਹੋਰ ਹੋਆ।
ਕੁਝ ਲੋਕੀਂ ਪੁੱਛਣ ਲੱਗੇ। 'ਇਹ ਤਾਂ ਦੱਸੋ ਕਿ ਇਕ ਮੁਸਲਮਾਨ ਦਾ ਰਾਹ ਹੈ, ਦੂਜੇ ਹਿੰਦੂ ਦਾ, ਤੁਸੀਂ ਕਿਹੜੇ ਰਾਹ ਵਿਚ ਹੈ, ਜਿ ਨ ਕੋਈ ਹਿੰਦੂ ਹੈ ਨ ਮੁਸਲਮਾਨ'। ਗੁਰੂ ਨਾਨਕ ਦੇਵ ਜੀ ਨੇ ਇਤਿਹਾਸਕ ਬਚਨ ਬੋਲਦੇ ਫਰਮਾਇਆ :
'ਤੁਸੀਂ ਪੁੱਛਦੇ ਹੋ ਕਿਸ ਦੇ ਰਾਹ ਤੇ ਹੋਵੀਏ, ਖ਼ੁਦਾ ਦੇ ਰਾਹ ਹੋਵੋ। ਖ਼ੁਦਾ ਨਾ ਹਿੰਦੂ ਹੈ ਨਾ ਮੁਸਲਮਾਨ। ਅਸਾਡੀ ਨਜ਼ਰ ਵਿਚ ਵੀ ਕੋਈ ਹਿੰਦੂ ਮੁਸਲਮਾਨ ਨਹੀਂ"। ਉਥੇ ਹੀ ਦੋਲਤ ਖ਼ਾਨ ਦੇ ਅਹਿਲਕਾਰ ਪੁੱਜੇ ਤੇ ਉਨ੍ਹਾਂ ਨਵਾਬ ਵਲੋਂ ਸੰਦੇਸ਼ ਦਿੱਤਾ। ਤਾਂ ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿਚ 'ਤਬਿ ਗੁਰੂ ਨਾਨਕ ਕਿਹਾ : ਮੈਂ ਤੇਰੇ ਖਾਨ ਕੀ ਕਿਆ ਪ੍ਰਵਾਹਿ ਪੜੀ ਹੈ?' ਮਿਹਰਬਾਨ ਦੀ ਸਾਖੀ ਅਨੁਸਾਰ ਇਹ ਵੀ ਕਿਹਾ : 'ਮੈਂ ਦੋਲਤ ਖ਼ਾਨ ਸਾਥ ਕਿਆ ਹੈ। ਇਹ ਦੂਜਾ ਇਨਕਲਾਬ ਸੀ ਜੋ ਉਥੇ ਹੋਇਆ। ਸ਼ਾਹਾਂ ਦੀ ਪ੍ਰਵਾਹ ਹਟਾਉਣੀ ਹੀ ਖ਼ੁਦਾਈ ਬੰਦਿਆਂ ਦਾ ਕੰਮ ਹੈ। 'ਮਨਮੁਖ ਹੋਇ ਬੰਦੇ ਦਾ ਬੰਦਾ’, ਪਾਤਸ਼ਾਹ ਦਾ ਕਹਿਣਾ ਸੀ। ਜਦ ਦੌਲਤ ਖ਼ਾਨ ਨੂੰ ਪਤਾ ਲੱਗਾ ਕਿ ਅਹਿਲਕਾਰ ਨੇ ਰੁਹਬ ਨਾਲ ਗੁਰੂ ਜੀ ਨੂੰ ਬੁਲਾਉਣਾ ਚਾਹਿਆ ਹੈ ਤਾਂ ਉਸ ਨੇ ਅਹਿਲਕਾਰ 'ਤੇ ਗੁੱਸਾ ਕੀਤਾ ਤੇ ਨਿਮਰਤਾ ਨਾਲ ਕਹਿਲਾ ਭੇਜਿਆ ਕਿ 'ਨਾਨਕ ਜੀ ਰਜਾਇ ਖ਼ੁਦਾਇ ਤੂੰ ਆਓ। ਆਪ ਜੀ ਦੌਲਤ ਖਾਨ ਪਾਸ ਪੁੱਜੇ ਅਤੇ ਦਸਤ ਪੰਜਾ ਲੈ ਕੇ ਬੈਠ ਗਏ। ਕਾਜੀਆਂ ਨੇ ਗੁੱਸਾ ਮਨਾਇਆ ਕਿ ਰਾਜ ਦੇ ਕਰਮਚਾਰੀ ਦਾ ਇਸ ਤਰ੍ਹਾਂ ਬਗੈਰ ਸਿਰ ਝੁਕਾਏ, ਫਿਰ ਦਸਤ-ਪੰਜਾ ਲੈ ਕੇ ਬੈਠਣਾ, ਦਰਬਾਰੀ ਮਰਿਆਦਾ ਦੀ ਉਲੰਘਣਾ ਹੈ।