4.
ਬਾਬਾ ਗਇਆ ਤੀਰਥੀਂ
ਸੁਲਤਾਨਪੁਰ ਤੋਂ ਹਰਦੁਆਰ : ਗੁਰੂ ਨਾਨਕ ਦੇਵ ਜੀ ਨੇ ਜਦ ਨਿਰਣਾ ਲੈ ਲਿਆ ਕਿ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਮੈਦਾਨਿ-ਅਮਲ ਵਿਚ ਨਿੱਤਰਨਾ ਚਾਹੀਦਾ ਹੈ ਤਾਂ ਉਹਨਾਂ ਨੂੰ ਫਿਰ ਨਾ ਰਾਜ, ਨਾ ਸਾਜ, ਨਾ ਭੈਣ, ਨਾ ਪਤਨੀ, ਨਾ ਪੁੱਤਰ ਤੇ ਨਾ ਕਿਸੇ ਦੇ ਤਰਲੇ ਰੋਕ ਪਾ ਸਕੇ। ਮੇਹਰਬਾਨ ਜੀ ਨੇ ਲਿਖਿਆ ਹੈ ਕਿ ਨਵਾਬ ਦੌਲਤ ਖਾਨ ਤੋਂ ਲੈ ਕੇ ਸੁਲਤਾਨਪੁਰ ਦੇ ਹਰ ਵਸਨੀਕ ਨੇ ਤਰਲੇ ਕੀਤੇ। ਗੁਰੂ ਨਾਨਕ ਦੇਵ ਜੀ ਦੀ ਸੱਸ ਬੀਬੀ ਚੰਦ ਨੇ ਤਾਂ ਇਥੋਂ ਤੱਕ ਕਿਹਾ, 'ਵੇ ਨਾਨਕ! ਜੇ ਤੂੰ ਫ਼ਕੀਰ ਹੀ ਹੋਣਾ ਸੀ ਤਾ ਵਿਆਹ ਕਿਉਂ ਕਰਾਇਆ, ਟੱਬਰ ਕਿਉਂ ਵਧਾਇਆ।' ਗੁਰੂ ਮਹਾਰਾਜ ਨੇ ਠਰੰਮੇ ਨਾਲ ਉੱਤਰ ਦਿੱਤਾ ਕਿ ਕੋਈ ਗ੍ਰਹਿਸਤ ਤਜ ਨਹੀਂ ਰਹਿਆ। ਉਸ ਦੇ ਹੁਕਮ ਵਿਚ ਗੁਰਸਿੱਖਾਂ ਦੀ ਭਾਲ ਵਿਚ ਚੱਲਾ ਹਾਂ । ਫਿਰ ਫਰਮਾਇਆ ‘ਘਰ ਤਾਂ ਛੱਡ ਹੀ ਜਾਣੇ ਹਨ. ਕੋਈ ਵੀ ਜੀਵ ਇਥੇ ਸਦਾ ਟਿਕਿਆ ਨਹੀਂ ਰਹਿ ਸਕਦਾ। ਇਹ ਸੋਚਣਾ ਤਾਂ ਮੂਰਖਪੁਣਾ ਹੈ ਕਿ ਕੁਝ ਧਨ ਪਦਾਰਥ ਖਾ ਲਈਏ ਤੇ ਕੁਝ ਸਾਂਭ ਕੇ ਰੱਖ ਲਈਏ। ਸਾਂਭ ਕੇ ਰੱਖੇ ਜਾਣ ਦਾ ਕੋਈ ਲਾਭ ਨਹੀਂ ਹੈ ਕਿਉਂਕਿ ਮੁੜ ਕੇ ਇਸ ਨੂੰ ਵਰਤਿਆ ਨਹੀਂ ਜਾ ਸਕੇਗਾ' :
'ਘਰ ਛਡਣੇ ਰਹੈ ਨ ਕੋਇ॥
ਕਿਛੁ ਖਾਜੇ ਕਿਛੁ ਧਰਿ ਜਾਈਐ॥
ਜੇ ਬਾਹੁੜਿ ਦੁਨੀਆਂ ਆਈਐ॥' (ਮਾਰੂ ਮਹਲਾ ੧, ਪੰਨਾ ੯੮੯)
ਮਨੁੱਖ ਘੁੰਮਣ-ਘੇਰੀਆ ਵਿਚ ਪਿਆ ਹੋਇਆ ਹੈ। ਇਸ ਤੇ ਹੋਰ ਬੁਰਾ ਇਹ ਹੈ ਕਿ ਉਹ ਪਾਪਾਂ ਦੇ ਪੱਥਰ ਲੱਦ ਕੇ ਜ਼ਿੰਦਗੀ ਦੀ ਬੇੜੀ ਇਨ੍ਹਾਂ ਘੁੰਮਣ-ਘੇਰੀਆਂ ਵਿਚੋਂ ਪਾਰ ਲੰਘਾਣਾ ਚਾਹੁੰਦਾ ਹੈ। ਸੋ ਪਰਮਾਤਮਾ ਦੇ ਡਰ, ਅਦਬ ਦੀ ਬੇੜੀ ਤਿਆਰ ਕਰਨ ਅਤੇ ਉਸ ਵਿਚ ਸਵਾਰ ਹੋਣ ਦਾ ਉਪਦੇਸ਼ ਦੇਣ ਲਈ ਜਾ ਰਿਹਾ ਹਾਂ :
'ਘਰ ਘੁੰਮਣ ਵਾਣੀ ਭਾਈ ॥