"ਕਰ ਮਿਹਨਤ ਸੋ ਸਤਿ ਕਮਾਈ।
ਦੇਹ ਅਤਿਬ ਕੇ ਪੀਛੇ ਖਾਹੀ ।
ਮੱਕਾ ਮਦੀਨਾ ਦੀ ਉਦਾਸੀ ਉਪਰੰਤ ਗੁਰੂ ਨਾਨਕ ਦੇਵ ਜੀ ਜਦ ਫਿਰ ੧੫੨੧ ਈ: ਵਿਚ ਐਮਨਾਬਾਦ ਆਏ ਤਾਂ ਭਾਈ ਲਾਲੋ ਜੀ ਪਾਸ ਹੀ ਟਿਕੇ । ਪਹਿਲੀ ਉਦਾਸੀ ਵਿਚ ਉੱਚ ਜਾਤੀਆਂ ਦਾ ਭਰਮ ਤੋੜਿਆ ਸੀ, ਹੁਣ ਉਹਨਾਂ ਸ਼ਾਹਾਂ ਨੂੰ ਚੇਤਾਵਨੀ ਦਿੱਤੀ ਜੋ ਐਸ਼ਾਂ ਵਿਚ ਪੈ ਕੇ ਪਰਜਾ ਪ੍ਰਤੀ ਆਪਣੇ ਫਰਜ਼ ਹੀ ਭੁੱਲ ਚੁੱਕੇ ਸਨ। ਆਪਣੇ ਸਾਹਮਣੇ ਹਾਕਮਾਂ ਨੂੰ ਰੰਗ ਰਲੀਆਂ ਮਨਾਂਦੇ ਦੇਖ, ਆਪ ਜੀ ਨੇ ਉਥੇ ਭਵਿੱਖਬਾਣੀ ਕਰ ਦਿੱਤੀ ਸੀ ਕਿ ਐਸਾ ਰਾਜ ਢੱਠਾ ਕਿ ਢੱਠਾ ਜਿਸ ਵਿਚ 'ਸ਼ਾਹਾਂ ਸੁਰਤਿ ਗਵਾਇਐ ਰੰਗ ਤਮਾਸੇ ਚਾਇ ਹੈ। ਗੁਰੂ ਜੀ ਕਾਬਲ ਤੇ ਕੰਧਾਰ ਦੇਖ ਆਏ ਸਨ ਕਿ ਖੁਰਾਸਾਨ ਤੋਂ ਬਾਬਰ ਕਿਵੇਂ ਹਿੰਦੁਸਤਾਨ ਤੇ ਧਾਈ ਕਰਦਾ ਆ ਰਿਹਾ ਹੈ। ਉਨ੍ਹਾਂ ਅਨੁਭਵ ਕੀਤਾ ਕਿ ਹੁਣ ਲਾਲੋ ਰੂਪੀ ਜੰਤਾ ਨੂੰ ਹੀ ਉਠਾਉਣ ਦੀ ਲੋੜ ਹੈ। ਉਹਨਾਂ ਫਰਮਾਇਆ: 'ਹੇ ਭਾਈ। ਲਾਲੋ, ਮੈਨੂੰ ਜਿਹੋ ਜਿਹੀ ਖਸਮ (ਪ੍ਰਭੂ) ਵਲੋਂ ਪ੍ਰੇਰਨਾ ਹੋਈ ਹੈ, ਉਸ ਅਨੁਸਾਰ ਮੈਂ ਤੈਨੂੰ ਦੱਸਦਾ ਹਾਂ। ਕਾਬਲ ਤੋਂ ਬਾਬਰ ਜੁਲਮ ਦੀ ਜੰਞ ਇਕੱਠੀ ਕਰ ਕੇ ਚੜ੍ਹਿਆ ਹੈ ਅਤੇ ਜ਼ੋਰ ਧੱਕੇ ਨਾਲ ਹਿੰਦ ਦੀ ਹਕੂਮਤ ਰੂਪੀ ਕੰਨਿਆ ਦਾਨ ਮੰਗ ਰਿਹਾ ਹੈ :
'ਜੈਸੀ ਮੈਂ ਆਵੇ ਖਸਮ ਕੀ ਬਾਣੀ,
ਤੈਸੜਾ ਕਰੀ ਗਿਆਨੁ ਵੇ ਲਾਲੋ ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ,
ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ,
ਕੂੜੁ ਫਿਰੈ ਪਰਧਾਨੁ ਵੇ ਲਾਲੋ ॥' (ਤਿਲੰਗ ਮਹਲਾ ੧, ਪੰਨਾ ੭੨੨)
ਫਿਰ ਮਹਾਰਾਜ ਜੀ ਨੇ ਫ਼ਰਮਾਇਆ ਕਿ ਭਾਈ ਲਾਲੋ, ਮਨੁੱਖਾਂ ਦੇ ਸਰੀਰਾਂ ਦੇ ਟੋਟੇ ਗਲੀਆਂ ਵਿਚ ਰੁਲਣਗੇ ਅਤੇ ਇਕ ਐਸਾ ਭਿਆਨਕ ਸਾਕਾ ਹੋਵੇਗਾ ਜਿਸ ਨੂੰ ਹਿੰਦੁਸਤਾਨ ਕਦੇ ਵੀ ਭੁਲਾ ਨਹੀਂ ਸਕੇਗਾ। ਮੁਗਲ ਅੱਜ ਸਮਤ ਅਠੱਤਰ (ਸੰਨ ੧੫੨੧) ਵਿਚ ਆਏ ਹਨ, ਕੱਲ੍ਹ ਸਤਾਨਵੇਂ (੧੫੪੦) ਵਿਚ ਚਲੇ ਵੀ ਜਾਣਗੇ। ਕੋਈ ਹੋਰ ਸੂਰਮਾ ਵੀ ਉੱਠ ਖਲੋਏਗਾ ਪਰ ਹਰ ਸਮੇਂ ਵਾਹਿਗੁਰੂ ਚੇਤੇ ਰੱਖਣ ਵਾਲੇ ਨੂੰ ਇਹ ਦੁੱਖ ਨਹੀਂ ਵਾਪਰਦੇ :
'ਕਾਇਆ ਕਪੜੁ ਟੁਕੁ ਟੁਕੁ ਹੋਸੀ,
ਹਿੰਦੁਸਤਾਨ ਸਮਾਲਸੀ ਬੋਲਾ॥
ਆਵਨਿ ਅਠਤਰੈ ਜਾਨਿ ਸਤਾਨਵੈ
ਹੋਰੁ ਭੀ ਉਠਸੀ ਮਰਦ ਕਾ ਚੇਲਾ॥
ਸਚ ਕੀ ਬਾਣੀ ਨਾਨਕੁ ਆਖੈ,
ਸਚੁ ਸੁਣਾਇਸੀ ਸਚ ਕੀ ਬੇਲਾ।'