Back ArrowLogo
Info
Profile

ਫਿਰ ਸੱਚਮੁੱਚ ਇਸੇ ਤਰ੍ਹਾਂ ਹੀ ਹੋਇਆ। ਸ਼ਹਿਜ਼ਾਦਿਆਂ ਦੀਆਂ ਲਾਸ਼ਾਂ ਸੜਕਾਂ 'ਤੇ ਰੁਲੀਆਂ ਅਤੇ ਹਿੰਦੁਸਤਾਨ ਦੀ ਅਣਖ ਮਿੱਟੀ ਵਿਚ ਮਿਲਾਈ ਗਈ। ਬਾਬਰ ਨੇ ਐਮਨਾਬਾਦ ਦੇ ਵਸਨੀਕਾਂ ਨੂੰ ਬੰਦੀ ਵਿਚ ਪਾਇਆ। ਬਾਕੀ ਸਾਰੇ ਤਾਂ ਭੁੱਬਾਂ ਮਾਰ- ਮਾਰ ਰੋ ਰਹੇ ਸਨ ਪਰ ਬਾਬਾ ਜੀ, ਮਰਦਾਨਾ ਜੀ ਤੇ ਭਾਈ ਲਾਲੋ ਜੀ ਸ਼ੁਕਰ ਦੇ ਗੀਤ ਗਾ ਰਹੇ ਸਨ ਅਤੇ ਬਾਕੀਆਂ ਨੂੰ ਧੀਰਜ ਦੇ ਰਹੇ ਸਨ ਕਿ ਇਹ ਸਭ ਸਜ਼ਾ ਦੇਸ਼ ਨੂੰ ਆਪਣੀ ਅਣਗਹਿਲੀ ਕਰ ਕੇ ਮਿਲੀ ਹੈ, ਕਿਸੇ ਦਾ ਦੋਸ਼ ਨਹੀਂ। ਪੁਰਾਤਨ ਜਨਮ ਸਾਖੀ ਵਾਲਾ ਲਿਖਦਾ ਹੈ ਕਿ ਸ਼ੁਕਰ ਦੇ ਗੀਤ ਗਾਉਂਦਾ ਸੁਣ ਬਾਬਰ ਆਪੂੰ ਟੁਰ ਕੇ ਆਇਆ ਅਤੇ ਗੁਰੂ ਨਾਨਕ ਦੇਵ ਜੀ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਪਰ ਬਾਬਾ ਜੀ ਨੇ ਉਸ ਸਮੇਂ ਤੱਕ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਜਦ ਤੱਕ ਸਾਰੇ ਬੰਦੀਆਂ ਦੀ ਬੰਦ ਖ਼ਲਾਸੀ ਨਹੀਂ ਕੀਤੀ ਜਾਂਦੀ। ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿਚ :

ਬਾਬਰ ਨੇ ਬਾਬੇ ਨੂੰ ਸਲਾਮ ਕੀਤਾ : ਜੀ ਤੂੰ ਮੇਹਰਬਾਨ ਹੋਹੁ। ਤਾਂ ਬਾਬੇ ਕਹਿਆ : ਮੀਰ ਜੀ! ਜੇ ਤੂੰ ਮੇਹਰ ਚਾਹੁਤਾ ਹੈਂ ਤਾਂ ਬੰਦੀਵਾਨ ਛੱੜ ਦੇਹ।

ਬਾਬਰ ਨੇ ਸਭ ਨੂੰ ਰਿਹਾ ਕਰ ਦਿੱਤਾ ਅਤੇ ਕਿਹਾ ਕਿ ਨਾਨਕ ਵਿਚੋਂ ਖ਼ੁਦਾ ਦਾ ਦੀਦਾਰ ਹੁੰਦਾ ਹੈ। ਬਾਬਰ ਨੇ ਜਦ ਉਪਦੇਸ਼ ਮੰਗਿਆ ਤਾਂ ਆਪ ਜੀ ਨੇ ਰਾਜੇ ਦੇ ਕਰਤੱਵ ਦ੍ਰਿੜ ਕਰਾਉਂਦੇ ਬਾਬਰ ਨੂੰ ਕਿਹਾ : 'ਫ਼ੈਸਲਾ ਨਿਆਂ ਨਾਲ ਕਰੋ, ਭਲੇ ਪੁਰਸ਼ਾਂ ਦਾ ਸਨਮਾਨ ਕਰੋ, ਸ਼ਰਾਬ ਪੀਣੀ ਤੇ ਜੂਆ ਖੇਡਣਾ ਉੱਕਾ ਹੀ ਕਸਮ ਖਾ ਕੇ ਛੱਡ ਦਿਉ। ਜਿਹੜਾ ਬਾਦਸ਼ਾਹ ਬਦੀਆਂ ਵਿਚ ਸਮਾਂ ਗੁਜ਼ਾਰਦਾ ਹੈ ਉਹ ਪਿੱਛੋਂ ਰੋਂਦਾ ਹੈ। ਹਾਰੇ ਤੇ ਤਰਸ ਕਰੋ ਤੇ ਪਰਮਾਤਮਾ ਨੂੰ ਸੱਚੇ ਹਿਰਦੇ ਨਾਲ ਧਿਆਓ।'

ਜਦ ਬਾਬਰ ਨੇ ਮੁਹੰਮਦ ਦਾ ਰਾਹ ਹੀ ਠੀਕ ਹੈ ਅਤੇ ਉਸ ਦੀ ਸਿਫ਼ਾਰਸ ਬਗੈਰ ਪਾਰ ਉਤਾਰਾ ਕਠਿਨ ਹੈ, ਕਿਹਾ ਤਾਂ ਗੁਰੂ ਜੀ ਨੇ ਫ਼ਰਮਾਇਆ: "ਲੱਖਾਂ ਹੀ ਮੁਹੰਮਦ ਹੋਏ ਹਨ। ਵਾਹਿਗੁਰੂ ਕੇਵਲ ਇਕੋ ਹੈ। ਅਣਡਿੱਠਾ ਵਾਹਿਗੁਰੂ ਸੱਚਾ ਹੈ ਤੇ ਉਸ ਨੂੰ ਕਿਸੇ ਦੀ ਚਿੰਤਾ ਨਹੀਂ, ਕਈ ਮੁਹੰਮਦ ਉਸਦੀ ਦਰਗਾਹ ਵਿਚ ਖਲੋਤੇ ਹਨ। ਇਤਨੇ ਕਿ ਉਹ ਗਿਣੇ ਨਹੀਂ ਜਾਂਦੇ :

'ਰਸੂਲ ਰਸਾਲ ਅਨਿਕ ਜਦ ਆਏ,

ਜਦ ਚਾਹੇ ਤਬ ਪਕੜ ਮੰਗਾਏ।'

ਬਾਬਰ ਨੇ ਜਦ ਗੁਰੂ ਜੀ ਨੂੰ ਕੁਝ ਮੰਗਣ ਲਈ ਕਿਹਾ ਤਾਂ ਉਨ੍ਹਾਂ ਨਿਸੰਗ ਹੋ ਕੇ ਫ਼ਰਮਾਇਆ :

'ਬੰਦੇ ਕੀ ਜੋ ਲੈਵੇ ਓਟ,

ਦੀਨ ਦੁਨੀ ਮੈਂ ਤਾਕਉ ਤੋਟ।

ਕਹਿ ਨਾਨਕ ਸੁਣ ਬਾਬਰ ਮੀਰ,

ਤੁਝ ਤੇ ਮਾਂਗੇ ਸੋ ਅਹਿਮਕ ਫ਼ਕੀਰ।

1. ਵਿਸਥਾਰ ਲਈ ਮੇਰੀ ਹੀ ਰਚਿਤ 'ਆਦਿ ਸਿੱਖ ਤੇ ਆਦਿ ਸਾਖੀਆਂ' ਦਾ 'ਬਾਬੇ ਕੇ ਬਾਬਰ ਮਿਲੇ' ਪੜ੍ਹੋ।

70 / 237
Previous
Next