ਕੁਝ ਹੀ ਕਰ ਰਹੇ ਸਨ ਜੋ ਅੱਜਕੱਲ੍ਹ ਹਿਪੀਜ਼ ਕਰਦੇ ਹਨ। ਨਸ਼ਾ ਪੀ ਕੇ ਸੁਰਤ ਚੜ੍ਹਾ ਲੈਣੀ ਤੇ ਫਿਰ ਉਸ ਨਸ਼ੇ ਦੇ ਲੋਰ ਵਿਚ ਚਿੱਤਰ ਚਿਤਰਨੇ ਤੇ ਪਾਸ ਖਲੋਤਿਆਂ ਨੂੰ ਕਹਿਣਾ ਕਿ ਉਹ ਦੂਜੇ ਜਹਾਨ ਪੁੱਜ ਗਏ ਹਨ। ਬਾਬੇ ਨੂੰ ਇਹ ਸਭ ਕੁਝ ਇਕ ਅੱਖ ਨਾ ਭਾਇਆ। ਨਾਨਕ ਮਤਾ ਪੁੱਜ ਕੇ ਗੁਰੂ ਜੀ ਨੇ ਮਹਿਮਾ ਪ੍ਰਕਾਸ਼ ਅਨੁਸਾਰ :
'ਬਿਰਛ ਕੇ ਤਲੇ ਦਿਆਲ ਆਸਨ ਕੀਆ।
ਬਜੇ ਰਬਾਬ ਅਨਾਹਦ ਧੁਨਿ ਕੀਰਤਨ ਭਇਆ।'
ਜਦ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਅੱਗੇ ਸ਼ਰਾਬ ਦਾ ਪਿਆਲਾ ਰੱਖਿਆ ਤਾਂ ਗੁਰੂ ਜੀ ਨੇ ਫਰਮਾਇਆ: 'ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ।' ਇਹ ਤਾਂ ਬੁਰਾਈਆਂ ਖੱਟਣ ਦਾ ਸਹਿਲਾ ਰਾਹ ਹੈ। ਨਸ਼ਾ ਪੀ ਕੇ ਮੱਤ ਵਿਗੜਦੀ ਹੈ। ਪਹਿਲਾਂ ਇਹ ਬਉਰਿਆਂ ਕਰਦਾ ਹੈ। ਜਦ ਉਤਰਦਾ ਹੈ ਟੈਟ ਪੈਂਦੀ ਹੈ ਅਤੇ ਫਿਰ ਨਸ਼ੇ ਵੱਲ ਭੱਜਦਾ ਹੈ। ਉਸ ਨਸ਼ੇ ਵਿਚ ਜੋ ਵੀ ਗੱਲ ਹੁੰਦੀ ਹੈ ਉਹ ਦਿਮਾਗ ਦੀ ਖੁਸ਼ਕੀ ਹੈ। ਜੋ ਵੀ ਤਸਵੀਰਾਂ ਨਜ਼ਰ ਆਉਂਦੀਆਂ ਹਨ ਉਹ ਭਰਾਂਤੀ (ਹੈਲੂਸੀਨੇਸ਼ਨ) ਹਨ। ਜਿਸ ਭਰਮ ਨੂੰ ਤੋੜਨ ਵਾਸਤੇ ਨਸ਼ਾ ਪੀਤਾ ਉਹ ਭਰਮ ਤਾਂ ਬਣਿਆ ਹੀ ਰਿਹਾ। ਅਸਲ ਵਸਤੂ ਵਿਸਮਾਦ ਹੈ ਅਤੇ ਉਹ ਆਉਂਦੀ ਹੈ ਧਿਆਨ ਨਾਲ, ਕਰਣੀ ਨਾਲ। ਪ੍ਰੇਮ ਦਾ ਪੋਚਾ, ਗਿਆਨ ਦੀ ਅੱਗ, ਭਾਉ ਦਾ ਭਾਂਡਾ ਤੇ ਸੁਰਤਿ ਦੀ ਨਾਲ ਵਿਚੋਂ ਜੋ ਚੁਆਈਏ, ਫਿਰ ਤਿਆਰ ਵਸਤੂ ਨੂੰ ਦਇਆ ਦੀ ਸੁਰਾਹੀ ਵਿਚ ਸਹਜ ਦੇ ਪਿਆਲੇ ਪੀਤਾ ਜਾਏ ਤਾਂ ਇਹ ਵਿਸਮਾਦੀ ਦਸ਼ਾ ਜਾਂ ਨਸ਼ਾ ਕਦੇ ਉਤਰੇਗਾ ਨਹੀਂ। ਡਿੱਗੀਆਂ ਸੁਰਤਾਂ ਵਾਲੇ ਕਿਥੋਂ ਸੁਣਨ ਵਾਲੇ ਸਨ। ਭਾਵੇਂ ਚਮਤਕਾਰ ਤਾਂ ਉਨ੍ਹਾਂ ਉਸੇ ਸਮੇਂ ਹੀ ਦੇਖ ਲਿਆ ਸੀ ਜਦ ਉਸ ਪਿੱਪਲ ਨੂੰ ਹਰਾ ਭਰਾ ਡਿੱਠਾ, ਜਿਸ ਹੇਠਾਂ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ ਪਰ ਉਹਨਾਂ ਫਿਰ ਵੀ ਆਪਣਾ ਤਾਣ ਲਗਾਇਆ। ਪਹਿਲਾਂ ਡਰਾਵੇ ਦਿੱਤੇ, ਫਿਰ ਧਮਕੀਆਂ, ਫਿਰ ਲਾਲਚ ਤੇ ਪਿੱਛੋਂ ਨਾਟਕ ਚੇਟਕ ਕਰਨ ਲੱਗੇ ਪਰ ਉਹਨਾਂ ਆਪਣੀਆਂ ਗੋਦੜੀਆਂ, ਮ੍ਰਿਗਸ਼ਾਲਾ, ਕਰ-ਮੰਡਲ ਤੇ ਆਸਣ ਇਕ ਹਨੇਰੀ ਅੱਗੇ ਉੱਡਦੇ ਦੇਖੇ ਤਾਂ ਗੁਰੂ ਪਾਤਸ਼ਾਹ ਦੇ ਚਰਨੀਂ ਪਏ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿਚ ਉਹ ਇਵੇਂ ਠੰਢੇ ਹੋ ਕੇ ਬੈਠ ਗਏ ਜਿਵੇਂ ਕਿਸੇ ਦੀ ਚੋਰੀ ਪਕੜੀ ਜਾਏ ਤਾਂ ਉਹ ਸ਼ਰਮਸਾਰ ਹੋ ਕੇ ਬੈਠਦਾ :
'ਆਪ ਆਪਣੇ ਆਸਣ ਬੈਠੇ,
ਚੋਰ ਨਾਰ ਜਿਉਂ ਤੂਸਨਿ ਤੈਸੇ ।'
ਉਹਨਾਂ ਇਹ ਵੀ ਡਿੱਠਾ ਕਿ ਹਨੇਰੀ, ਮੀਂਹ, ਗੜੇ ਪੈਣ ਨਾਲ ਸਭਨਾਂ ਦੀਆਂ ਧੂਣੀਆਂ ਤਾਂ ਬੁੱਝ ਗਈਆਂ ਪਰ ਗੁਰੂ ਨਾਨਕ ਦੇਵ ਜੀ ਦੀ ਧੂਣੀ ਉਸੇ ਤਰ੍ਹਾਂ ਲਟ-ਲਟ ਕਰ ਰਹੀ ਸੀ। ਸੂਰਜ ਪ੍ਰਕਾਸ਼ ਦੇ ਹੀ ਸ਼ਬਦਾਂ ਵਿਚ :
'ਬਹੀ ਸਮੀਰ ਰੈਣ ਸਭ ਜਬਹੀ।
ਉਡ ਗਏ ਧੂਣੀ ਸਿਧਨ ਤਬਹੀ।
1. ਬਿਹਾਗੜਾ ਕੀ ਵਾਰ, ਸਲੋਕ ਮਰਦਾਨਾ ੧. ਪੰਨਾ ੫੫੩।