

ਪੁਰਾਤਨ ਜਨਮ ਸਾਖੀ ਤੋਂ ਇੰਨੀ ਵੱਡੀ ਟੂਕ ਦੇਣ ਦਾ ਭਾਵ ਹੈ ਕਿ ਕਲਿਯੁਗ ' ਸਮਝਣਾ ਜ਼ਰੂਰੀ ਹੈ। ਇਹ ਕਲਯੁਗੀ ਸੁਭਾਅ ਹੈ ਜੋ ਪਹਿਲਾਂ 'ਹਨੇਰੀ ਵਾਂਗੂ ਆਉਂਦਾ ਹੈ, ਅੱਗ ਸੁੱਟਦਾ ਹੈ, ਵੱਸਦੇ ਉਜਾੜਦਾ ਹੈ ਤੇ ਜ਼ਮੀਨ ਅਸਮਾਨ ਦੇ ਕਲਾਬੇ ਮਿਲਾਂਦਾ ਹੈ। ਉਸ ਦੇ ਇਨ੍ਹਾਂ ਰੂਪਾਂ ਤੋਂ ਕਈ ਡਰ ਜਾਂਦੇ ਹਨ ਪਰ ਜੋ ਗੁਰੂ ਸ਼ਬਦ ਵਿਚ ਜੁੜੇ ਹਨ ਉਨ੍ਹਾਂ ਨੂੰ ਇਹ ਪ੍ਰਭਾਵ ਨਹੀਂ ਪਾਉਂਦਾ। ਗੁਰੂ ਨਾਨਕ ਦੇਵ ਜੀ ਕੋਲ ਆ ਕੇ ਕਲਯੁਗ ਮਨੁੱਖ ਬਣ ਜਾਂਦਾ ਹੈ ਪਰ ਫਿਰ ਦੂਜਾ ਵਾਰ ਕਰਦਾ ਹੈ। ਉਹਨਾਂ ਵਾਰਾਂ ਤੋਂ ਕੋਈ ਵਿਰਲਾ ਹੀ ਬਚ ਸਕਦਾ ਹੈ। ਜਗਤ ਦਾਮ, ਕਾਮ, ਚਾਮ ਦਾ ਗੁਲਾਮ ਹੈ। ਇਹ ਹੀ ਹੈ ਕਲਯੁਗ ਦੇ ਵੱਸ ਹੋ ਜਾਣਾ ਪਰ ਗੁਰੂ ਦਾ ਸਿੱਖ ਇਹ ਹੀ ਪੁਕਾਰੇਗਾ, 'ਮਤ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ। ਧਨ, ਧਨਿਤਾ, ਧਰਤੀ ਤੇ ਸ਼ੋਭਾ ਗੁਰੂ ਦੇ ਸਿੱਖ ਨੂੰ ਕੁਰਾਹੇ ਨਹੀਂ ਪਾ ਸਕਦੀ। ਇਹ ਸਭ ਪੈਰੀਂ ਪੈਂਦੀਆਂ ਹਨ।
ਵੱਸਦੇ ਰਹੋ : ਬੰਗਾਲ ਵਿਚ ਹੀ ਸਨ ਕਿ ਇਕ ਪਿੰਡ ਦੇ ਲੋਕਾਂ ਨੇ ਰਾਹ ਜਾਂਦੇ ਚੁੱਕ ਪੱਥਰ ਮਾਰੇ ਪਰ ਗੁਰੂ ਜੀ ਨੇ ਕਿਹਾ: 'ਵੱਸਦੇ ਰਹ'। ਅਗਲੇ ਪਿੰਡ ਗਏ ਤਾਂ ਪਿੰਡ ਵਾਸੀਆਂ ਉਨ੍ਹਾਂ ਦਾ ਸਤਿਕਾਰ ਕੀਤਾ, ਸ਼ਬਦ ਵਿਚ ਜੁੜੇ ਤਾਂ ਗੁਰੂ ਜੀ ਨੇ ਕਿਹਾ, 'ਉਜਾੜ ਹੋਵੇ।' ਜਦ ਮਰਦਾਨੇ ਕਿਹਾ ਕਿ ਚੰਗਾ ਨਿਆਂ ਕੀਤਾ ਆਪ ਜੀ ਨੇ । ਜਿਸ ਪੱਥਰ ਮਾਰੇ 'ਉਹ ਵੱਸਦੇ ਰਹਿਣ' ਅਤੇ ਜਿਸ ਆਦਰ ਦਿੱਤਾ 'ਉਹ ਉਜੜ ਜਾਏ' ਤਾਂ ਗੁਰੂ ਜੀ ਨੇ ਕਿਹਾ : 'ਪਹਿਲੇ ਪਿੰਡ ਦੇ ਲੋਕੀਂ ਰੋਗੀ ਸਰੀਰ ਵਾਂਗੂੰ ਹਨ। ਜਿੱਥੇ ਜਾਣਗੇ ਹੋਰਨਾਂ ਨੂੰ ਵੀ ਰੋਗ ਲਾਉਣਗੇ। ਉਹ ਬਦੀ ਇਕ ਥਾਂ ਨੱਪੀ ਚੰਗੀ ਹੈ। ਦੂਜੇ ਪਿੰਡ ਦੇ ਲੋਕੀਂ ਚੰਦਨ ਸਮਾਨ ਹਨ. ਉਹ ਜਿੱਥੇ ਵੀ ਜਾਣਗੇ ਸੁਗੰਧੀ ਫੈਲਾਉਣਗੇ। ਨੇਕੀ ਤੇ ਬੰਦਗੀ ਦਾ ਪ੍ਰਚਾਰ ਕਰਨਗੇ।' ਭਗਤ ਜੈ ਦੇਵ ਜੀ ਦੇ ਪਿੰਡ : ਇਸ ਅੱਗੋਂ ਬੀਰ ਭੂਮ ਦੇ ਨਗਰ ਕੇਂਦੂਲੀ ਪੁੱਜੇ ਜਿੱਥੇ ਜੈ ਦੇਵ ਜੀ ਦਾ ਜਨਮ ੧੧੭੦ ਈ: ਵਿਚ ਹੋਇਆ ਸੀ ਅਤੇ ਅਕਾਲ ਚਲਾਣਾ ਸੰਨ ੧੨੫੦ ਵਿਚ ਉਸੇ ਪਿੰਡ ਹੀ ਹੋਇਆ। ਗੁਰੂ ਅਰਜਨ ਦੇਵ ਜੀ ਨੇ ਪਿੱਛੋਂ ਉਨ੍ਹਾਂ ਦੀ ਉਪਮਾ ਵਿਚ 'ਜੈ ਦੇਵ ਤਿਆਗਿਓ ਅਹੰਮੇਵ' ਦਾ ਵਾਕ ਉਚਾਰਿਆ ਸੀ। ਜਾਤ ਦੇ ਜ਼ਰੂਰ ਬ੍ਰਾਹਮਣ ਸਨ ਪਰ ਸਮਦ੍ਰਿਸ਼ਟੀ ਰੱਖਦੇ ਸਨ। ਉਸ ਮਹਾਂਪੁਰਸ਼ ਦੇ ਤਿੰਨ ਸ਼ਬਦ ਗੁਰੂ ਗਰੰਥ ਸਾਹਿਬ ਵਿਚ ਦਰਜ ਹਨ। ਗੁਰੂ ਨਾਨਕ ਦੇਵ ਜੀ ਹੀ ਦਰਜ ਕਰ ਲਿਆਏ ਸਨ। ਜੇ ਦੇਵ ਜੀ ਸਮੇਂ ਦੇ ਰਤਨ ਕਰਕੇ ਪ੍ਰਸਿੱਧ ਸਨ। ਗੀਤ ਗੋਵਿੰਦ ਇਨ੍ਹਾਂ ਦੀ ਹੀ ਰਚਨਾ ਹੈ। 'ਪ੍ਰੇਮ ਭਗਤਿ ਜੈ ਦੇਉ' 'ਗੀਤ ਗੋਵਿੰਦ ਸਹਜ ਧੁਨਿ ਗਾਵੈ' ਦਾ ਵਰਨਣ ਭਾਈ ਗੁਰਦਾਸ ਜੀ ਨੇ ਕੀਤਾ ਹੈ।
ਭਗਤ ਜੀ ਨੇ ਸ਼ਬਦਾਂ ਵਿਚ ਇਹ ਹੀ ਵਿਚਾਰ ਪ੍ਰਗਟ ਕੀਤੇ ਸਨ ਕਿ ਪਰਮਾਤਮਾ ਦੇ ਭਗਤ ਮਨ ਬਚ ਕਰਮ ਵਲੋਂ ਪੂਰਨ ਤੌਰ ਤੇ ਪਵਿੱਤਰ ਹੁੰਦੇ ਹਨ। ਸਿਮਰਨ ਕਰ ਆਤਮਕ ਉਚਿਆਈਆਂ ਨੂੰ ਜਾ ਛੂੰਹਦੇ ਹਨ। ਚਿੰਤਿ ਸਰਬ ਗਤ। ਉਹ ਜਗ, ਜੋਗ ਤਪ ਤੇ ਦਾਨ ਤੋਂ ਉਤਾਂਹ ਹੋ ਜਾਂਦੇ ਹਨ :
'ਹਰਿ ਭਗਤ ਨਿਜ ਨਿਹਕੇਵਲਾ, ਰਿਦ ਕਰਮਣਾ ਬਚਸਾ ॥
ਜੋਗੇਨ ਕਿ, ਜਗਨ ਕਿ, ਦਾਨੇਨ ਕਿ, ਤਪਸਾ ॥ ੪॥ (ਗੁਜਰੀ, ਪੰਨਾ ੫੨੬)