ਵੀ ਚੰਗੀ ਲੱਗੀ ਤਾਂ ਉਹ ਜਾਣ-ਜਾਣ ਕੇ ਹਰ ਲੱਤ ਤੇ ਆਪਣਾ ਸਾਰਾ ਭਾਰ ਪਾ ਕੇ ਤੁਰਨ ਲੱਗਿਆ। ਇਉਂ ਤੁਰਨ ਨਾਲ ਲਹੂ ਵਿੱਚ ਕੋਈ ਜੋਸ਼ ਨੱਚਣ ਲੱਗ ਪਿਆ।
ਨਸੀਬੋ ਦੀ ਕਿਸੇ ਨਾਲ ਗੇੜ ਬਣਾ ਕੇ ਗਉਂ ਕੱਢਣ ਵਾਲੀ ਗੱਲ ਜਚ ਗਈ। ਉਹ ਬਚਨ ਦੇ ਵੱਲ ਤੁਰ ਪਿਆ। ਇਨ੍ਹਾਂ ਦੇ ਖੇਤਾਂ ਵਿੱਚ ਕੰਮ ਕਰਨ ਨਾਲ ਰੂਹ ਨੂੰ ਸਕੂਨ ਵੀ ਮਿਲਦਾ ਸੀ। ਕਿਉਂਕਿ ਟਾਹਲੀਆਂ ਵਾਲੀ ਸੱਤ ਕਿੱਲੇ ਪੈਲੀ ਹੌਲੀ-ਹੌਲੀ ਅਜੈਵ ਨੇ ਇਨ੍ਹਾਂ ਨੂੰ ਹੀ 'ਬੈ' ਕੀਤੀ ਸੀ । ਪਰ ਅਜੇ ਵੀ ਕੋਈ ਸਾਂਝ ਲਹੂ-ਮਿੱਟੀ ਜਿਹੀ ਉਸ ਖੇਤ ਨਾਲ ਜੁੜੀ ਹੋਈ ਸੀ। ਰੀਝ ਸੀ, ਕਿ ਸਾਰੀ ਵੇਚੀ ਪੈਲੀ ਨੂੰ ਆਪ ਠੇਕੇ ਤੇ ਲੈ ਕੇ ਵਾਹੇ-ਬੀਜੇ।
ਜਦੋਂ ਬਲੌਰਾ ਮੋਦਨ ਕੇ ਬਾਰ੍ਹ ਅੱਗੋਂ ਦੀ ਲੰਘਣ ਲੱਗਿਆ ਤਾਂ ਉਹਦੀ ਅੱਖ ਮੱਲੋ-ਮੱਲੀ ਖੁੱਲ੍ਹੇ ਬੂਹੇ ਵਿੱਚੋਂ ਦੀ, ਵਿਹੜੇ ਵਿੱਚ ਬੱਠਲ ਚੱਕ ਕੇ ਲਈ ਜਾਂਦੀ, ਦਾਰੋ ਨਾਲ ਰਲ ਗਈ। ਬਿੰਦ ਦੀ ਬਿੰਦ ਅੰਦਰੋਂ ਇੱਕ ਧੂੰਏਂ ਦਾ ਗੁਬਾਰ ਉਠ ਕੇ ਸਿਰੋਂ ਲੈ ਕੇ ਪੈਰਾਂ ਤੱਕ ਝੰਜੋੜ ਗਿਆ। ਉਹ ਦੋਵੇਂ ਹੱਥਾਂ ਦੀ ਕੰਘੀ ਪਿੱਠ ਪਿੱਛੇ ਕਰਕੇ, ਅੱਗੇ ਨਾਲੋਂ ਨਾ-ਮਾਮੂਲੀ ਜਿਹੀ ਨੀਵੀਂ ਪਾ ਕੇ, ਉੱਚਾ ਝਾਕਦਾ ਹੋਇਆ ਅੱਗੇ ਲੰਘ ਗਿਆ। ਇੰਜ ਕਿਸੇ ਦੇ ਘਰ ਵਿੱਚ ਓਪਰਾ ਵੇਖਣਾ ਭਾਵੇਂ ਠੀਕ ਨਹੀਂ ਸੀ ਲੱਗਿਆ, ਪਰ ਫੇਰ ਵੀ ਚਿੱਤ ਨੂੰ ਕਰਾਰ ਆ ਗਿਆ।
ਕਦੇ ਮੂਰਤੀ ਨੇ ਇਹਦਾ ਸਾਕ ਕਰਾ ਦੇਣ ਦੀ ਨਸੀਬੋ ਕੋਲ ਗੱਲ ਕੀਤੀ ਸੀ। ਉਹ ਬੜ੍ਹੇ ਚਾਅ ਨਾਲ ਘਰ ਆਈ, ਹੱਥ ਵਿੱਚ ਫੜ੍ਹਿਆ ਰੋਟ ਉਹਨੇ ਗਲੀ ਵਿੱਚ ਆਉਂਦੇ ਜਵਾਕਾਂ ਨੂੰ ਵੰਡ ਦਿੱਤਾ ਸੀ, ਤੇ ਅਜੈਬ ਨੂੰ ਦੱਸਿਆ, 'ਅੱਸੂ ਚੜ੍ਹਦੇ ਤੋਂ ਅਗੇਤਾ ਈ ਮੈਂ ਬਲੌਰਾ ਵਿਆ ਲੈਣਾ, ਹਾਂ, ਮੂਰਤੀ ਦੇ ਮਾਮੇ ਦੀ ਕੁੜੀ ਤਾਂ ਵੇਖੀਂ, ਕਾਲੇ ਕਾਵਾਂ ਨੂੰ ਹੱਥ ਲਾਵੇ ਤਾਂ ਬੱਗੇ ਹੁੰਦੇ ਐ, ਐਨ ਚਿੱਟੇ-ਚਟਾਕ..'।
ਅਜੈਵ ਨੇ ਦੋਏਂ ਹੱਥਾਂ ਦੇ ਨਹੁੰਆਂ ਨਾਲ ਮੌਰਾਂ ਨੂੰ ਖੁਰਕਦੇ ਹੋਇਆਂ ਕੋਲ ਬੈਠੇ ਬਲੌਰੇ ਦੇ ਮੂੰਹ ਤੇ ਈ ਕਹਿ ਦਿੱਤਾ, 'ਐਵੇਂ ਨਾ ਪੈਲ੍ਹਾਂ ਪਾਈ ਜਾ, ਏਹ ਸਾਰੀ ਤੈਥੋਂ ਘਰ ਦੇ ਕੰਮ ਕਰੌਣ ਦੀ ਵਿੱਡ ਐ, ਕਦੇ ਮੂੰਹ ਚ ਪਾਈ ਗਿੜਕ ਵੀ ਉੱਗੀ ਐ' ਭਾਂਵੇ ਗੱਲ ਤਾਂ ਕੌੜੀ ਸੀ, ਪਰ ਨਿਕਲੀ ਸੱਚੀ।
ਪੁੱਤ ਨੂੰ ਸਾਕ ਹੋਣ ਦੀ ਆਸ ਵਿੱਚ ਪੂਰਾ ਇੱਕ ਵਰ੍ਹਾ, ਬਿਨ ਥੱਕੇ-ਹੰਭੇ ਉਹਨਾਂ ਦੇ ਘਰ ਨਸੀਬੋ ਨਿੱਠ ਕੇ ਕੰਮ ਕਰਦੀ ਰਹੀ। ਪਰ ਦਾਰੋ ਦਾ ਸਾਕ ਹੋਇਆ, ਉਹਨਾਂ ਦੇ ਗੁਆਂਢੀ ਮੋਦਨ ਨੂੰ, ਜਿਨ੍ਹਾਂ ਨਾਲ ਚੜ੍ਹਦੇ ਪਾਸੇ ਵਾਲੀ ਕੰਧ ਸਾਂਝੀ ਸੀ।
ਜਦੋਂ ਕਦੇ ਬਲੌਰੇ ਨੂੰ ਦਾਰੋ ਦੇ ਹੱਸਣ ਜਾਂ ਬੋਲਣ ਦੀ ਅਵਾਜ਼ ਏਧਰ ਘਰ ਬੈਠੇ ਨੂੰ ਸੁਣਾਈ ਦਿੰਦੀ ਤਾਂ ਉਹ ਡੱਕਾ ਚੱਕ ਕੇ ਮਿੱਟੀ ਤੇ ਭੁੰਜੇ ਲਕੀਰਾਂ ਮਾਰ ਕੇ ਕੋਈ ਮੜੰਗਾ ਬਣਾਉਣ ਲੱਗ ਪੈਂਦਾ। ਚਿੱਤ ਵਿੱਚ ਕੋਈ ਨਕਸ਼ ਵਾਹ ਰਿਹਾ ਹੁੰਦਾ । ਪਰ ਅੱਜ ਬੜਾ ਹੈਰਾਨ ਹੋਇਆ, ਜਿਹੜਾ ਚਿਹਰਾ ਉਹਨੇ ਚਿੱਤ ਵਿਚ ਵਾਹਿਆ ਸੀ, ਉਹਦੇ ਨਾਲ ਦਾਰੇ ਦਾ ਰੱਤੀ ਭਰ ਵੀ ਫ਼ਰਕ ਨਹੀਂ ਸੀ। ਗਲੀ ਵਿੱਚ ਆਉਂਦੇ-ਜਾਂਦੇ ਬੰਦਿਆਂ ਨੇ ਉਹਨੂੰ ਬੋਲ ਮਾਰ ਕੇ ਬੁਲਾਇਆ ਵੀ, ਪਰ ਉਹਨੂੰ ਕੋਈ ਅਵਾਜ਼ ਨਹੀਂ