ਪੱਲੇ ਕੀ ਨੇਕੜੂ ਰਹਿ-ਜੂ' ਮੋਢੇ ਨਾਲ ਕੰਨ ਦੀ ਕਰੂੰਬਲ ਮਲ ਕੇ ਚੀਸ ਨੂੰ ਘੱਟ ਕੀਤਾ। ਸਲਵਾਰ ਦੇ ਪਹੁੰਚੇ ਨਾਲ ਲੱਗੇ ਪੁੱਠ-ਕੰਡਿਆਂ ਨੂੰ ਲਾਹੁੰਦੀ ਹੋਈ ਬੋਲੀ, 'ਕਈ ਜਾਣੇ ਐਵਜੇ ਹੁੰਦੇ ਐ ਵੀਰੇ, ਜਿਨ੍ਹਾਂ ਨਾਲ ਲੁਕ ਕੇ ਮਰਜ਼ੀ ਦੇ ਦਿਨ ਕੱਟੀ ਦੇ ਐ’ ਗੁੱਟ ਤੇ ਬੰਨ੍ਹੀ ਖੰਮਣੀ ਨੂੰ ਖਿੱਚ ਕੇ ਤੋੜ ਦਿੱਤਾ।
ਬਲੌਰੇ ਨੇ ਹੁਣੇ ਖਾਧੀ ਰੋਟੀ ਦਾ ਡਕਾਰ ਲਿਆ ਤੇ ਡਰੰਮੀ ਦੀ ਬੋਕੀ ਰੈਲ਼ੀ ਕਰਨ ਲਈ, ਸਰੋਂ ਦਾ ਤੇਲ ਘਸਾ ਕੇ ਲਾਉਂਦਾ ਹੋਇਆ ਬੋਲਿਆ, 'ਜਾ ਹੁਣ ਘਰੇ ਛੂਟ ਵੱਟ-ਜਾ, ਚੇਤੇ ਰੱਖੀਂ, ਆ ਇਸ਼ਕ ਕਦੇ ਕਿਸੇ ਨੂੰ ਘਰ ਜੋਗਾ ਨੀ ਰਹਿਣ ਦਿੰਦਾ- ਗਾ'।
'ਜੇ ਬੰਦਾ ਰਹਿ ਈ ਘਰ ਜੋਗਾ ਜਾਏ ਫੇਰ...ਬੈਸ ਆਹ ਘਰ ਜੋਗਾ ਨੀ ਰਹਿਣਾ, ਖੌਰੇ ਕਿਸੇ ਤਣ-ਪੱਤਣ ਈ ਲੱਗ-ਜਾਂ' ਦੋਵੇਂ ਹੱਥ ਢਾਕਾਂ ਤੇ ਰੱਖ ਕੇ ਲਟੈਣ ਬਣ ਕੇ ਖੜ ਗਈ।
ਦੀਸਾਂ ਨੂੰ ਬਲੌਰੇ ਨੇ ਪੈਰਾਂ ਤੋਂ ਲੈ ਕੇ ਸਿਰ ਤੀਕ ਪੂਰੀ ਨੀਝ ਨਾਲ ਵੇਖਿਆ। ਕੰਮ ਬੰਦੇ ਨੂੰ ਇੱਟ ਵਾਂਗ ਕਿਸੇ ਸਾਂਚੇ ਚ ਢਾਲਦਾ ਹੀ ਨਹੀਂ ਸਗੋਂ ਆਵੇ ਵਿੱਚ ਪਾ ਕੇ ਪਕਾਅ ਵੀ ਦਿੰਦਾ ਹੈ। ਹੱਥੀਂ ਦੁੱਧ ਰਿੜਕਣ ਕਰਕੇ ਉਹਦੇ ਡੌਲਿਆਂ ਵਿੱਚ ਮੱਛਲੀਆਂ ਬਣ ਗਈਆਂ ਸੀ। ਪੈਰ ਦੇ ਗਿੱਟੇ ਨਾਲ ਕਾਲਾ ਧਾਗਾ, ਜੋ ਨਸੀਬੋ ਨੇ ਕਿਸੇ ਦੀ ਨਜ਼ਰ ਲੱਗਣ ਤੋਂ ਬੰਨ੍ਹਿਆ ਸੀ, ਵੇਖ ਕੇ ਸੋਚਿਆ, 'ਲੈ ਹੁਣ ਨੀ ਏਹਨੂੰ ਕਿਸੇ ਦੀ ਨਿਗ੍ਹਾ ਲੱਗਦੀ.. ਫੇਰ ਬੰਦਾ ਜਿਉਣ ਜੋਗਾ ਨੀ ਰਹਿੰਦਾ।
*** *** ***
ਬਲੌਰੇ ਨੇ ਵਹਿੜਕੇ ਨੂੰ ਨਲਕੇ ਹੇਠ ਬਣਾਏ ਟੋਏ ਵਿੱਚੋਂ ਪਾਣੀ ਪਿਆ ਦਿੱਤਾ, ਜੋ ਤੇਹ ਨਾਲ ਸੁੱਕੀਆਂ ਨਾਸਾਂ ਤੇ ਬਿੰਦੇ-ਬਿੰਦੇ ਆਪਣੀ ਜੀਬ ਫੇਰ ਰਿਹਾ ਸੀ। ਦੀਸਾਂ ਨੂੰ ਪੱਠਿਆਂ ਦੀ ਕੱਢੀ ਟੀਸੀ ਤੇ ਤਸੱਲੀ ਨਾਲ ਬੈਠਾ ਕੇ, ਗੱਡੀ ਜੋਤ ਕੇ, ਰੱਸਾ ਫੜ੍ਹਾਉਂਦੇ ਹੋਇਆਂ ਕਿਹਾ, 'ਰੱਬ ਨੇ ਅੱਗੇ ਈ ਖੁੰਦਕ ਕੱਢ ਕੇ ਜਿਊਣਾ ਦੁੱਬਰ ਕੀਤਾ ਵਿਐ, ਪਰਦਾ ਰੱਖੀਂ, ਲੋਕ ਬੜੇ ਕਸੂਤੇ ਐ' ਦੀਸਾਂ ਨੇ 'ਟਿੱਚਕਾਰੀ' ਮਾਰੀ ਤਾਂ ਵਹਿੜਕਾ ਧੁਰਲੀ ਮਾਰ ਕੇ, ਪੌੜਾਂ ਨਾਲ ਵਾਹਣ ਦੀ ਮਿੱਟੀ ਪੱਟ ਕੇ ਭੱਜ ਪਿਆ।
ਦੀਸਾਂ ਦੀਆਂ ਆਦਤਾਂ ਵੇਖ ਕੇ ਤਕਾਉਣ ਲੱਗ ਪਿਆ, ਕੀਹਦੇ ਨਾਲ ਆੜੀ ਪਾਈ ਬੈਠੀ ਹੈ। ਡੇਢ ਕਰਮ ਤੱਕ ਪਿਚਕਾਰੀ ਮਾਰ ਕੇ ਥੁੱਕਣਾ, ਤਾੜੀ ਮਾਰ ਕੇ ਅਕਾਸ਼ ਵੱਲ ਵੇਖ ਕੇ ਹੱਸਣਾ, ਉਹਦੇ ਚਿੱਤ ਵਿੱਚ ਕਿਸੇ ਵੈਲੀ ਦਾ ਮੜੰਗਾ ਵਾਹ ਰਹੇ ਸੀ। ਉਹਨੇ ਨਰਮੇ ਦੇ ਬੂਟਿਆਂ ਦੀ ਛਾਂਵੇ ਪਿਆ ਕੁੱਜਾ ਚੁੱਕ ਕੇ, ਅੱਖਾਂ ਅੱਗੇ ਰੱਖ ਕੇ ਕੋਈ ਭੇਤ ਭਰੀ ਗੱਲ ਕਰਨ ਹੀ ਲੱਗਿਆ ਸੀ, ਕਿ ਡਰ ਗਿਆ। ਕੋਈ ਤੀਜਾ ਜਣਾ ਵੀ ਹੈ, ਜੋ ਉਹਨਾਂ ਦੀ ਬਿੜਕਾਂ ਲੈ ਰਿਹਾ। ਉਹਨੇ ਚਾਰ ਬੰਨੇ ਝਾਕ ਕੇ ਕਿਸੇ ਦੀ ਭਾਲ ਵਿੱਚ ਵੇਖਿਆ, ਪਰ ਕੋਈ ਨਹੀਂ ਸੀ ਲੱਭਿਆ। ਫੇਰ ਨੀਵੀਂ ਪਾਈ ਤਾਂ ਆਪਣਾ ਪਰਛਾਵਾਂ ਵੇਖ ਕੇ ਬੋਲਿਆ, 'ਲੈ ਮਣਾਂ, ਆਹ ਪਿਆ ਸਾਰਾ ਜੱਬੜ੍ਹ' ਕੁੱਜਾ