Back ArrowLogo
Info
Profile

ਚੱਕ ਕੇ ਉਹ ਟਾਹਲੀ ਦੇ ਮੁੱਢ ਵਿੱਚ, ਧੌਣ ਹੇਠ ਬਾਂਹ ਦਾ ਸਿਰਹਾਣਾ ਲਗਾ ਕੇ ਬਹਿ ਗਿਆ । ਕੁੱਜੇ ਨੂੰ ਬੋਚ ਕੇ, ਆਪਣੇ ਦੋਵਾਂ ਗੋਢਿਆਂ ਤੇ ਰੱਖ ਕੇ ਭੇਦ ਖੋਲ੍ਹਣ ਲੱਗਿਆ, 'ਲੈ ਬੀ ਕੁੱਜਿਆ, ਦੀਸਾਂ ਨੂੰ ਏਨਾ ਕਾਹਦਾ ਹੰਕਾਰ ਚੜਿਆ ਵਿਐ, ਸਿੱਧੇ ਮੂੰਹ ਗੱਲ ਨੀ ਕਰਦੀ, ਬਾਤ ਦਾ ਪਤੰਗੜ ਬਣੌਂਦੀ ਐ, ਵੈਸੇ ਜੇ ਊਂ ਦੱਸਾਂ ਤਾਂ, ਬੰਦੇ ਚ ਹੰਕਾਰ ਹੋਣਾ ਵੀ ਚਾਹੀਦਾ, ਜੇ ਹੰਕਾਰ ਨਾ ਹੋਵੇ ਤਾਂ ਮੇਰਾ ਸਾਲਾ ਰੱਬ ਵੀ ਬੰਦੇ ਨੂੰ ਟਿੱਚ ਈ ਗੌਲਦੈ, ਕੀ ਆਹਨਾਂ... ?'

ਉਹ ਕੁੱਜੇ ਦੇ ਹੱਸ ਦੇ ਮੂੰਹ ਵੱਲ ਵੇਖਣ ਲੱਗਿਆ ਤੇ ਅੱਖਾਂ ਬੰਦ ਕਰਕੇ ਮਨ ਚ ਬੋਲਿਆ, 'ਹਾਂ ਗੱਲ ਲੋਟ ਐ, ਪੈਸੇ ਦੀ ਪਾਈ ਵੱਟ ਨੀ ਕਿਸੇ ਤੋਂ ਢਾਹੀ ਜਾਣੀ, ਜੇੜ੍ਹਾ ਬੰਦਾ ਏਹ ਜਾਤਾਂ ਛੱਡ ਕੇ ਕੁਜਾਤ ਹੁੰਦੈ, ਦੁਨੀਆ ਓਨੂੰ ਢਾਹ ਦਿੰਦੀ ਐ, ਹੂੰ, ਨਾਲ਼ੇ ਜੇੜ੍ਹੀ ਗੱਲ ਮੰਨ ਕੇ ਘਾਟਾ ਪੈਂਦਾ ਹੋਏ ਲੋਕਾਂ ਨੂੰ, ਭਾਵੇਂ ਕਿੰਨੀ ਵੀ ਸਹੀ ਹੋਏ ਕੁੱਜਿਆ' ਇੱਕ ਅੱਖ ਖੋਲ੍ਹ ਕੇ ਕੁੱਜੇ ਵੱਲ ਵੇਖਿਆ, 'ਸੁਣ-ਦੈ ਉਹਦਾ ਲੋਕ ਗੁੱਗਾ ਬਣਾ ਕੇ ਪੂਜਣ ਲੱਗ ਪੈਂਦੇ ਐ, ਜਵੇਂ ਜਵੇਂ ਏਨਾਂ ਤੇ ਜਾਣੀ ਅਮਲ ਕਰੀ ਜਾਵਾਂਗੇ, ਓਵੇਂ-ਓਵੇਂ ਏਹ ਮੁੱਕੀ ਜਾਣ-ਗੀਆਂ..'।

ਫੇਰ ਦਿਲ ਆਈ ਕਰੀ ਗਿਆ। ਪਾਣੀ ਦੀ ਕੰਧ ਪਿੱਛੇ ਕੌਣ ਖੜ੍ਹਾ ? ਏਹ ਅੱਚਵੀ ਲੱਗੀ ਸੀ।

*** *** ***

ਦੀਸਾਂ ਨੇ ਨੀਰੇ ਦੀਆਂ ਪੰਡਾਂ ਨੂੰ ਖਿੱਚ ਕੇ ਸਹੀ ਕੀਤਾ। ਕੱਕੇ-ਰਾਹ ਦੀ ਧੂੜ ਉਡਾਉਂਦਾ ਹੋਇਆ ਵਹਿੜਕਾ ਥੋੜ੍ਹੀ ਕੁ ਵਾਟ ਤਾਂ ਪੂਰਾ ਤਾਣ ਲਗਾ ਕੇ ਭੱਜਦਾ ਰਿਹਾ ਤੇ ਫੇਰ ਆਪਣੀ ਚਾਲੇ ਪੈ ਗਿਆ। ਅਗਲੇ ਪਹੇ ਤੋਂ ਇੱਕ ਹੋਰ ਬਲਦ-ਗੱਡੀ ਉਹਦੇ ਪਿੱਛੇ ਲੱਗ ਪਈ।

ਉਹਦੇ ਚਾਲਕ ਚੋਬਰ ਨੇ ਮੁੜਕੇ ਨਾਲ ਭਿੱਜੀ ਦੀਸਾਂ ਦੀ ਕੁੜਤੀ ਵਿੱਚ ਮਘਦੇ ਚਿੱਟੇ ਅੰਗ ਵੇਖ ਕੇ ਦੋਗਲੀ ਚੋਬ ਕਸੀ, 'ਪੈਰ ਪੱਟ ਓਏ ਨਗੌਰੀਆ, ਅੱਗੇ ਹੋ, ਸਵ ਕੁਛ ਤਾਂ ਮੂਹਰੇ ਈ ਐ ਢਾਂਡਿਆ, ਪਿਛੇ ਕੀ ਐ' ਬਲਦ ਦੀ ਕੂਲੀ ਢੂਹੀ ਤੇ ਰੱਸਾ ਸਿੱਟ ਕੇ ਗੱਡੀ ਭਜਾ ਕੇ ਅੱਗੇ ਕੱਢ ਲਈ ਤੇ ਲੁੱਚੀ ਝਾਕਣੀ ਨਾਲ ਦੀਸਾਂ ਨੂੰ ਸਾਰੀ ਦੀ ਸਾਰੀ ਛਾਣ ਗਿਆ।

'ਕੁੜੀ ਕੱਚੇ ਦੁੱਧ ਆਲੀ ਛੱਲੀ, ਹਿੱਕ ਨਾਲ ਲਾ ਕੇ ਰਾੜਨੀ...' ਤੇ ਮੂੰਹ ਨਾਲ ਹੋਰੂੰ ਜਿਹੇ ਪਟਾਕੇ ਪਾਉਣ ਲੱਗ ਪਿਆ।

ਦੀਸਾਂ ਨੂੰ ਉਹਦੀ ਏਸ ਬੋਲੀ ਤੇ ਹਾਸੀ ਵਿੱਚੋਂ ਵਾਸ਼ਨਾ ਦੀ ਬੋਅ ਨਹੀਂ ਆਈ, ਸਗੋਂ ਹੱਡਾਂ ਵਿੱਚ ਲੁਕੋਏ ਹੋਏ ਉਸ ਬੰਦੇ ਦੀ ਹਾਰ ਲੱਗੀ, ਜੀਹਨੂੰ ਸੱਚੇ ਪਿਆਰ ਦੇ ਰਾਹ ਪੈ ਕੇ ਜ਼ਮੀਰ ਵਿੱਚ ਕਿਸੇ ਰੁੱਖ ਵਾਂਗ ਬੀਜ ਲਿਆ ਸੀ । ਚੁੰਨੀ ਨੂੰ ਸਿਰ ਤੋਂ ਲਾਹ ਕੇ ਲੱਕ ਨਾਲ ਬੰਨ੍ਹ ਲਿਆ। ਵਿੰਡ ਦੀ ਪਾਇਪ ਵਿੱਚ ਪਾਈ ਤੱਤ ਦੀ ਸੋਟੀ ਕੱਢ ਕੇ, ਵਹਿੜਕੇ ਦੀ ਕੰਗਰੋੜ ਤੇ ਦੱਬ ਦਿੱਤੀ।

28 / 106
Previous
Next