ਭਾਰਤੀ ਸਾਹਿਤ ਅਕਾਦਮੀ ਯੁਵਾ ਪੁਰਸਕਾਰ 2018 ਜੇਤੂ ਨਾਵਲ
ਬਲੌਰਾ
ਗੁਰਪ੍ਰੀਤ ਸਹਿਜੀ
ਸਹਿਜੀ ਦੀਆਂ ਹੋਰ ਪੁਸਤਕਾਂ :
ਨਾਵਲ
1. ਹਵਾ ਸਿੰਘ ਚੇਪੀਵਾਲ਼ਾ
2. ਮਖ਼ਿਆਲ
3. ਹਰਾਮਜਾਦੇ
4. ਜਿਗੋਲੋ-ਰੱਬ ਦਾ ਸਕਾਲਰ (2014, 2015, 2018)
5. ਬਲੌਰਾ ਜਿਊਣ ਦੀ ਇੱਕ ਅਦਾ (2017)
6. ਪੰਤਦਰ(2018)
ਸਵੈਜੀਵਨੀ
7. ਕੁੱਤੇ-ਝਾਕ-ਮਰਦ 'ਚ ਕੈਦ ਇੱਕ ਔਰਤ (2010)
8. ਹਰਾਮਖੋਰ
ਸਮਰਪਣ
ਜੋ ਲੋਕ ਜਿਉਣ ਲਈ
ਰੱਬ ਦੀ ਹਿੱਕ 'ਤੇ
ਵਾਰ ਕਰਨ ਦੀ ਜੁਅਰਤ
ਰੱਖਦੇ ਨੇ....!
ਮੈਂ ਰਿਣੀ ਹਾਂ ਉਸ ਗਾਲ ਦਾ ਜਿਹੜੀ ਮੇਰਾ ਬਾਪੂ ਗੁਰਨਾਮ ਸਿੰਘ ਸੰਧੂ ਚਾਹ ਕੇ ਵੀ
ਮੈਨੂੰ ਸਾਰੀ ਉਮਰ ਜਾਣੀ ਹੁਣ ਤਾਈਂ ਕੱਢ ਨਹੀਂ ਸਕਿਆ...!
ਅਤੇ
ਸ੍ਰੀ ਲੰਕਾਈ ਬੱਲੇਬਾਜ਼ ਸਨਥ ਜੈ ਸੂਰੀਆ ਤੇ
ਅਮਨਜੋਤ ਮਾਨ ਦਾ, ਜੀਹਨੇ ਮੇਰੇ ਮਨ ਵਿੱਚ ਕੁਛ ਦਿਖ਼ਣ ਦੀ ਬਜਾਏ, ਕੁਛ ਹੋਣ
ਦੀ ਤਾਂਘ ਪੈਦਾ ਕੀਤੀ....!
ਗੁਰਪ੍ਰੀਤ ਸਹਿਜੀ
ਕਵੱਸਤੀ
ਬਲੌਰਾ ਤਾਂ ਕੁੱਕੜ ਦੀ ਬਾਂਗ ਨਾਲ ਸਦੇਹਾਂ ਈ ਉੱਠ ਖੜੋਂਦਾ ਸੀ, ਪਰ ਬਚਨੇ ਨੇ ਕੱਲ੍ਹ ਸ਼ਾਮ ਕੁੱਕੜ ਰਿੰਨ੍ਹ ਕੇ, ਘਰ ਆਏ ਜਵਾਈ ਨੂੰ ਖੁਵਾ ਦਿੱਤਾ। ਤੇ ਉਹ ਅੱਜ ਓਨਾ ਚਿਰ ਨਹੀਂ ਜਾਗਿਆ, ਜਿੰਨਾਂ ਚੀਕ ਜੰਗਾਲ ਖਾਧੇ ਜੰਗਲੇ ਥਾਣੀ ਦੀ, ਤਿੱਖੀ ਧੁੱਪ ਉਹਦੇ ਮੂੰਹ ਤੇ ਨਹੀਂ ਸੀ ਚੁਬਣ ਲੱਗੀ। ਪੱਟੇ ਹੋਏ ਖੰਭਾਂ ਦੇ ਨਿੱਕੇ-ਨਿੱਕੇ ਫੰਬੇ ਜਿਹੇ ਹਵਾ ਨਾਲ ਘਰ ਦੇ ਵਿਹੜੇ ਵਿੱਚ, ਰੇਤੇ ਨਾਲ ਖਹਿੰਦੇ ਫਿਰ ਰਹੇ ਸੀ।
ਉਹਨੇ ਉਵੇਂ ਈ ਪਏ ਹੋਇਆਂ ਛੱਤ ਦੇ ਬਾਲਿਆਂ ਵੱਲ ਵੇਖਿਆ, ਜਿੰਨ੍ਹਾਂ ਵਿੱਚ ਤਰੇੜ ਆਈ ਪਈ ਸੀ, ਤੇ ਇੱਕ ਲੋੜ ਤੋਂ ਜ਼ਿਆਦਾ ਲਿਫੇ ਬਾਲੇ ਦੀ ਖੋੜ ਵਿੱਚ ਘਰਕੀਣ ਦਾ ਵਾਸਾ ਵੇਖਿਆ। ਫੇਰ ਕਿਸੇ ਚੂਹੇ ਦੇ ਖੁਰਚਣ ਦੀ ਅਵਾਜ਼ ਵੀ ਕੰਨਾਂ ਵਿੱਚ ਪਈ ਤਾਂ, ਉਹ ਝੋਲ ਪੈਂਦੇ, ਵਾਣ ਦੇ ਚੌਖੜੇ ਮੰਜੇ ਤੋਂ ਹੁਜ਼ਕਾ ਮਾਰ ਕੇ ਉਠਿਆ ਤਾਂ ਚਾਰੇ ਚੂਲਾਂ ਵੀ ਜਰਕ ਪਈਆਂ। ਤੇ ਨੀਂਹ ਵਿੱਚ ਪੱਟੀ ਚੂਹੇ ਦੀ ਖੁੱਢ ਅੱਗੇ ਜ਼ੋਰ ਨਾਲ ਪੈਰ ਦੀ ਅੱਡੀ ਮਾਰੀ। ਧਮਕਾਰ ਨਾਲ ਚੂਹਾ ਡਰ ਗਿਆ । ਪਾਣੀ ਪੀਣ ਲਈ ਕੋਈ ਭਾਡਾਂ ਹੱਥ ਹੇਠ ਨਹੀਂ ਲੱਭਿਆ ਤਾਂ ਉਹ ਤਖਤੇ ਕੋਲ ਪਈ ਲੋਟ ਨੂੰ ਗਾਟੇ ਤੋਂ ਫੜ੍ਹ ਕੇ, ਬਾਹਰ ਕੰਧੋਲੀ ਦੀ ਬੁਰਜ਼ੀ ਤੇ ਲਿਆ ਧਰੀ । ਟੇਢੀ ਕਰਕੇ ਵਗਾਈ ਪਾਣੀ ਦੀ ਕੰਬਦੀ ਧਾਰ ਨਾਲ ਸੱਜੇ ਹੱਥ ਦੀ ਚੂਲੀ, ਅਗੂੰਠੇ ਨਾਲ ਮਲ ਕੇ ਧੋਤੀ, ਤੇ ਫੇਰ ਖੱਬੀ ਅੱਖ ਮੀਚ ਕੇ, ਓਕ ਨਾਲ ਪਾਣੀ ਪੀਣ ਲੱਗ ਪਿਆ।
ਉਂਗਲਾਂ ਦੀਆਂ ਵਿਰਲਾਂ ਵਿੱਚੋਂ ਦੀ ਪਾਣੀ ਦੀ ਪਤਲੀ ਧਾਰ ਸਿੰਮ ਕੇ, ਵਲਾਂਵੇਂ ਖਾਂਦੀ ਵੀਹਣੀ ਤੋਂ ਵਹਿ ਤੁਰੀ। ਉਹਨੇ ਪੈਰ ਭਿੱਜਣ ਤੋਂ ਲੱਤਾਂ ਚੌੜੀਆਂ ਕਰ ਲਈਆਂ। ਧਾਰ ਨਾਲ ਐਸੀ ਕੰਬਣੀ ਛਿੜੀ ਕੇ ਲੋਟ ਖੱਬੇ ਹੱਥ ਵਿੱਚੋਂ ਥੁੜਕ ਕੇ, ਗੇੜਾ ਖਾ ਕੇ ਥੱਲੇ ਡਿੱਗਦੇ ਸਾਰ ਈ ਠੀਕਰੇ-ਠੀਕਰੇ ਹੋ ਗਈ। ਇਨ੍ਹਾਂ ਠੀਕਰਿਆਂ ਵੱਲ ਕੋਡੀ-ਢੂਹੀ ਗਹੁ ਨਾਲ ਝਾਕਣ ਲੱਗਿਆ ਤਾਂ ਧੁੱਪ ਨਾਲ ਚਿੱਕੜ ਵਿੱਚੋਂ ਪੈਂਦੀ ਲਿਸ਼ਕੋਰ ਨਾਲ ਅੱਖਾਂ ਮਿਚ ਗਈਆਂ। ਪੈਰ ਦਾ ਠੇਡਾ ਮਾਰ ਕੇ ਠੀਕਰੇ ਭੰਨ੍ਹ ਕੇ ਲਿਸ਼ਕੋਰ ਮੁਕਾ ਦਿੱਤੀ ਤੇ ਜੂੜ੍ਹੇ ਦੀ ਮੀਡੀ ਵਿੱਚ ਗੁੰਦੇ ਕਾਲੇ ਰਿਬਨ ਨੂੰ, ਜੋ ਫੂੰਜੇ ਵਾਂਗ ਲਮਕ ਰਿਹਾ ਸੀ, ਵਲ੍ਹੇਟ ਕੇ ਜੂੜਾ ਬੰਨ੍ਹ ਲਿਆ।
'ਮਖਿਆ ਮਿੱਧੀ ਮੱਤ ਨਾਲ਼ ਮੂਹਰੇ ਲਾਅ-ਕੇ ਤੁਰਪੇਂ ਹੁਣ, ਏਥੇ ਕਾਈ ਥੋਥੀਆਂ ਕੱਢਣ ਨ੍ਹੀ ਔਦਾਂ, ਆਹ ਬੂਥੀ ਜੇਹੀ ਚਿੱਬੀ ਕਰਕੇ ਗਰਜ਼ ਆਰੀ ਮੇਰੇ ਪੈਰੀਂ ਠੇਡੇ ਵਾਨੂੰ ਆ ਠੁੱਕਦੈਂ-ਹੂੰ' ਬਲੌਰੇ ਨੇ ਜੁੜੇ ਤੇ ਹੱਥ ਦੀ ਠਿੱਬੀ ਮਾਰ ਕੇ, ਪਿਛਾਂਹ ਭਉਂ ਕੇ ਅੰਗਰੇਜ਼ ਵੱਲ ਵੇਖਿਆ, ਜੋ ਠੋਢੀ ਕੋਲੋਂ ਆਈ ਬੱਗੀ ਦਾੜ੍ਹੀ ਨੂੰ ਚੂੰਢੀ ਨਾਲ ਪਲੋਸਦਾ ਹੋਇਆ ਪਤਾ ਨਹੀਂ ਕਿਸ ਵੇਲ਼ੇ ਈ ਉਹਦੇ ਪਿੱਛੇ ਆ ਖੜੋਤਾ ਸੀ।
ਉਹਨੇ ਚੜ੍ਹਦੇ ਵਾਲੇ ਪਾਸੇ ਰੱਤੀ ਗਹਿਰ ਚੜ੍ਹੀ ਵੇਖੀ, ਜੋ ਅੰਬਰ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਪਈ ਤੇ ਫੇਰ ਸਵਾਤ ਅੰਦਰ ਜਾ ਕੇ, ਮੰਜੇ ਕੋਲ ਮੂਧੇ ਪਏ ਕੁੱਜੇ ਤੇ ਪਿਆ, ਡੱਬੀਦਾਰ ਸਾਫ਼ਾ ਚੱਕ ਕੇ, ਇਨੂੰ ਬਣਾ ਕੇ ਬਾਂਹ ਦੀ ਖੱਬੀ ਕੱਛ ਵਿੱਚ ਤੁੰਨ ਲਿਆ। ਤਖ਼ਤੇ ਓਹਲੇ ਪਈ ਬੋਰੀ ਵਿੱਚੋਂ, ਘੁੰਢੀਆਂ ਵਾਲੀ ਕਣਕ ਦੀ ਲੱਪ ਭਰ