ਨਕਸੀਰ
ਘਰ ਵਿੱਚ ਬਲੌਰੇ ਨੂੰ ਕਿਸੇ ਓਪਰੇ ਬੰਦੇ ਦੀ ਹੋਂਦ ਕਸੀਰ ਦੀ ਤਰ੍ਹਾਂ ਰੜਕ ਰਹੀ ਸੀ। ਪਰ ਉਹ ਸੀ ਕੌਣ ? ਉਹਨੇ ਪਿੰਡ ਦੇ ਸਾਰੇ ਚੋਬਰਾਂ ਦੇ ਮੜੰਗੇ ਛਾਣ ਮਾਰੇ। ਕਿਸੇ ਤੋਂ ਥੋੜ੍ਹਾ ਜਿਹਾ ਸ਼ੱਕ ਹੁੰਦਾ ਤਾਂ ਫੇਰ ਅਗਲੇ ਹੀ ਪਲ ਆਪ ਰੱਦ ਕਰ ਦਿੰਦਾ, 'ਨਹੀਂ', ਓਦੇ ਚ ਏਨੀ ਕਣੀ ਕਿੱਥੇ ਬੀ ਦੀਸਾਂ... ਨਹੀਂ" ਨਾਲ ਹੀ ਅਕਲ ਦੇ ਖਾਨੇ ਵਿੱਚ ਰੋਸਾ ਵੀ ਪਿਆ ਸੀ ਕਿ ਅਜੇ ਤੱਕ ਦੀਸਾਂ ਨੂੰ ਉਹਤੇ ਥਫਾਕ ਨਹੀਂ ਹੋਇਆ ਸੀ। ਉਹਦੇ ਤੋਂ ਪੂਰੇ ਪੰਜ ਵਰ੍ਹੇ ਨਿੱਕੀ ਹੋਣ ਕਰਕੇ ਇੱਕ ਸਾਬ ਨਾਲ ਉਹਦੇ ਹੱਥੀਂ ਹੀ ਪਲੀ ਸੀ।
ਦੀਸਾਂ ਜਦੋਂ ਰੋਟੀ ਤੋਂ ਬਾਦ ਦੁੱਧ ਦਾ ਗਲਾਸ ਫੜਾਉਣ ਆਈ ਤਾਂ ਬਲੌਰੇ ਨੇ ਦੌਣ ਤੇ ਵਿਛਾਈ ਮੋਰਾਂ ਵਾਲੀ ਦਰੀ ਤੇ ਹੱਥ ਫੇਰਦੇ ਹੋਇਆਂ, ਮਨੌਤ ਦਿੱਤੀ, 'ਸਮੇਂ ਦਾ ਗੇੜ ਵੇਖ-ਲਾ ਭੈਣੇ, ਜਿੱਦੋਂ ਤੂੰ ਐਡੀ ਕੁ ਹੁੰਦੀ ਸੈਂਗੀ' ਹੱਥ ਨੂੰ ਧਰਤੀ ਤੋਂ ਚਾਰ ਫੁੱਟ ਉੱਚਾ ਚੱਕ ਲਿਆ, 'ਚੋਰੀ ਕੀਤੀ ਹਰ ਸ਼ੈਅ ਮੇਰੀ ਜੇਬ ਚ ਲਿਆ ਕੇ ਲਕੌਂਦੀ ਹੁੰਦੀ ਸੈਂ, ਤੇ ਹਰ ਗਵਾਚੀ ਤੇਰੀ ਖੇਡ ਮੇਰੀ ਜੇਬ ਚੋਂ ਈ ਥਿਔਂਦੀ ਹੁੰਦੀ ਸੀਗੀ, ਹੁਣ... ਚੱਲ ਛੱਡ ਪਰੇ, ਹੁਣ ਖੁਸ਼ੀ ਨੀਂਦ ਦੀ ਪੁੜੀਆਂ ਏਹਦੇ ਚ ਸੋਰਿਆ ਕਰ ਕਮਲੀਏ'।
ਦੁੱਧ ਦਾ ਗਲਾਸ ਦੋਵਾਂ ਹੱਥਾਂ ਨਾਲ ਬੋਚ ਕੇ ਫੜਾਉਂਦੀ ਨੇ, ਗੱਲ ਚ ਪੈਂਦੀ ਸਿੱਪੀ ਵਿੱਚ ਆਈ ਵਾਲਾਂ ਦੀ ਲਟ ਨੂੰ ਕੰਨ ਦੀ ਜੜ੍ਹ ਵਿੱਚ ਟੰਗਦੀ ਬੋਲੀ, 'ਏਹੀ ਆਖਣਾ ਤਾਂ ਮੈਂਵੀ ਭੁੱਲ-ਗੀ ਸੈਂਗੀ, ਔਟਲੀ ਪਈ ਸਾਂ, ਖਰੇ ਕੇੜੀ ਗੱਲ ਚਿਤ ਚ ਰੜਕੀ ਜਾਂਦੀ ਐ ਜੋ ਭੁੱਲੀ ਬੈਠੀ ਆਂ, ਫੇਰ ਬੰਦਿਆਂ ਵਾਂਗ ਹੱਸ ਪਈ, 'ਵੇਖੀਂ ਮੇਰੀ ਭੁੱਲੀ ਗੱਲ ਤੈਨੂੰ ਕਿਵੇਂ ਚੇਤੇ ਆ-ਗੀ'।
ਉਹਦੇ ਹਾਸੇ ਦੀ ਟੁਣਕਾਰ ਵਿੱਚ 'ਹੀ.. ਹੀ..' ਦੀ ਅਵਾਜ਼ ਸੁਣ ਕੇ ਕਿਸੇ ਦਾ ਬੋਲ ਸਿਆਣਨ ਦੀ ਕੋਸ਼ਿਸ਼ ਕੀਤੀ, 'ਰੱਬ ਕਿੰਨਾ ਕੁਛ ਭੁੱਲੀ ਬੈਠਾ ਮੈਨੂੰ ਤਾਂ ਓਵੀ ਚੇਤੇ ਐ, ਤੇਰੇ ਨਾਲ ਤਾਂ ਫੇਰ ਵੀ ਲਹੂ ਦੀ ਸਾਂਝ ਐ, ਮੇਰੇ ਕੰਧਾੜੇ ਤੇ ਚੜ੍ਹ ਕੇ ਤੂੰ ਮਲਿਆਂ ਦੀ ਟੀਸੀ ਤੇ ਬੋਰ ਤੋੜੇ ਐ' ਦੁੱਧ ਤੋਂ ਮਲਾਈ ਲਾਹ ਕੇ ਦੀਸਾਂ ਦੀ ਤਲੀ ਤੇ ਰੱਖ ਦਿੱਤੀ, 'ਭੈਣੇ ਹੋ ਜਾ ਫੇਰ ਤਕੜੀ..'।
ਦੀਸਾਂ ਮਲਾਈ ਨੂੰ ਜੀਭ ਦੀ ਨੋਕ ਨਾਲ ਛੱਕ ਗਈ ਤੇ ਬੋਲੀ, 'ਦਗਾ ਤਾਂ ਬੰਦਾ ਓਸ ਨੂੰ ਦਿੰਦਾ ਜੀਹਤੋਂ ਅਮੀਦ ਨਾ ਰੱਖੀ ਏ..'।
ਬਲੌਰੇ ਨੇ ਦੁੱਧ ਦੀਆਂ ਦੋ ਘੁੱਟਾਂ ਭਰ ਕੇ ਪੈਤਾਂ ਵਿੱਚ ਗਲਾਸ ਫਸਾ ਕੇ ਉੱਤੋਂ ਪੱਖੀ ਨਾਲ ਢੱਕ ਦਿੱਤਾ, 'ਅਮੀਦ ਤੇ ਦੀਸਾਂ ਮੈਨੂੰ ਤੇ ਏਸ ਘਰ ਨੂੰ ਰੱਬ ਤੋਂ ਵੀ ਨਹੀਂ, ਕਿੰਨੇ ਲੋਕ ਜਵਕੀ ਜਾਂਦੇ ਐ, ਜੋ ਉਹਦੀ ਮਰਜ਼ੀ ਨਾਲ ਜਿਉਂ ਕੇ ਓਦੀ ਮਰਜ਼ੀ ਨਾਲ ਫੁੜਕ ਜਾਂਦੇ ਐ' ਦੀਸਾਂ ਦੇ ਸਿਰ ਉੱਤੋਂ ਦੀ ਉਹਨੇ ਅਕਾਸ਼ ਨੂੰ ਵੇਖਿਆ, ਜੋ ਟਾਵੇਂ- ਟਾਵੇਂ ਤਾਰੇ ਨਾਲ ਧਰਤੀ ਨੂੰ ਵੇਖ ਰਿਹਾ ਸੀ, 'ਰੱਬ ਨੂੰ ਰਾਜ਼ੀ ਕਰਕੇ ਕੀ ਲੈਣਾ, ਜਿਦੋਂ ਆਵਦਾ ਮਿਰਜ਼ਾ ਈ ਨਾ ਰਾਜ਼ੀ ਹੋਇਆ, ਹਏਂ, ਆਉਂਦੇ ਤਾਂ ਏਥੇ ਸਾਰੇ ਬੰਦੇ ਦੀ ਜੂਨੀ ਐਂ, ਪਰ ਪੈ ਰੋਟੀ ਦੀ ਜੂਨ ਜਾਂਦੇ ਐ...’।
ਦੀਸਾਂ ਕਿੰਨਾ ਚਿਰ ਖੜੀ ਰਹੀ। ਜਾਣ ਲਈ ਦੋ ਪੁਲਾਘਾਂ ਪੱਟ ਕੇ ਫੇਰ ਪਿੱਠ