ਜਿਆ ਕਰ ਬਾਰੀ ਥਾਣੀ ਦੀ, ਐਵੇਂ ਕੰਧਾਂ ਕੋਠੇ ਟੱਪਦਾ ਕਿਤੇ ਲੱਤ-ਬਾਂਹ ਨਾ ਤੁੜਾ-ਲੀਂ, ਫੇਰ ਕਿੱਥੇ ਚੱਕੀ ਫਿਰਾਂਗੇ ਹਏ, ਮਾਪਿਆਂ ਦਾ ਕੱਲਾ-ਕਹਿਰਾ ਪੁੱਤ ਐ, ਐਵੇਂ ਨਾ ਕਾਈ ਬੱਜ ਪਵਾਲੀ'।
ਘੀਚਰ ਨੇ ਚਾਦਰੇ ਦੀ ਡੱਬ ਵਿੱਚ ਤੁੰਨੇ ਕਾਪੇ ਦੇ ਹੱਥੇ ਨੂੰ ਜਚਾ ਕੇ ਫੜ੍ਹ ਲਿਆ ਤੇ ਅੱਗੋਂ ਵਾਰ ਕਰਨ ਲਈ ਨੌਂ-ਬਰ-ਨੌਂ ਹੋ ਗਿਆ । ਚਾਨਣੀ ਵਿੱਚ ਕਾਪੀ ਦੀ ਧਾਰ ਲਿਸ਼ਕਾਂ ਮਾਰਦੀ ਹੋਈ ਦੀਸਾਂ ਨੂੰ ਦਿਸ ਗਈ ਤਾਂ ਇੱਕ ਹੌਲ ਪਿਆ।
ਬਲੌਰੇ ਨੇ ਫੇਰ ਦੂਜੀ ਸੀਖ਼ ਬਾਲ ਕੇ ਧਰਤੀ ਤੇ ਚਾਨਣ ਕੀਤਾ, 'ਏਥੇਂ ਮਾੜਾ ਜਾ ਉੱਚੇ-ਨੀਵੇਂ ਥਾਂ ਤੋਂ ਬੋਚ ਕੇ ਆਈਂ ਬੇਲੀਆ ਕਿਤੇ ਠੇਡਾ ਖਾ ਕੇ ਨਾ ਹੋਰ ਬੂਥੀ ਭੰਨਾ-ਲੀਂ, ਬਾਹਲੇ ਈ ਸੰਸੇ ਮੁੱਕ-ਗੇ ਅੱਜ ਤਾਂ' ਮੰਜੇ ਦੇ ਸਿਰਹਾਣੇ ਵਾਲੇ ਪਾਸੇ ਚੌਕੜੀ ਮਾਰ ਕੇ ਬਹਿ ਗਿਆ, ਪਰ ਘੀਚਰ ਅਜੇ ਵੀ ਦੋ ਕਰਮਾਂ ਦੂਰ ਖੜ੍ਹਿਆ ਰਿਹਾ। ਮੰਜੇ ਤੇ ਹੱਥ ਮਾਰ ਕੇ ਕਿਹਾ, 'ਓਏ ਆਜਾ ਖ਼ਸਮਾ ਬਹਿ-ਜਾ ਕਰਦੇ ਆਂ ਝੱਟ ਗੱਲਾਂ- ਬਾਤਾਂ, ਐਵੇਂ ਨਾ ਹੁਣ ਮੋਕ ਮਾਰੀ ਜਾ, ਜੇ ਤੂੰ ਨਾ ਹੁੰਦਾ ਕਾਈ ਹੋਰ ਹੋਣਾ ਸੀਗਾ, ਬੰਦੇ ਨੇ ਆਵਦੀ ਲੀਲਾ ਵੀ ਖੇਡਣੀ ਹੁੰਦੀ ਐ'।
ਘੀਚਰ ਨੇ ਕਿਸੇ ਵੀ ਗੱਲ ਦਾ ਹੁੰਗਾਰਾ ਨਹੀਂ ਸੀ ਭਰਿਆ ਤੇ ਦੌਣ ਤੇ ਟੇਢਾ ਜਿਹਾ ਹੋ ਕੇ ਦੋਖੀਆਂ ਵਾਲੀ ਚੁੱਪ ਧਾਰ ਕੇ ਬਹਿ ਗਿਆ। ਗੱਚ ਭਰ ਗਿਆ, ਪੈਰੀਂ ਪੱਗ ਧਰ ਕੇ ਭੁੱਲ ਬਖ਼ਸਾਉਣ ਲਈ ਚਿੱਤ ਕਰਦਾ ਸੀ, ਪਰ ਏਨਾ ਜੇਰਾ ਵੀ ਕਿੱਥੇ ਬਚਿਆ ਸੀ ਸਰੀਰ ਵਿੱਚ, ਕਿ ਧੌਣ ਝੁਕਾ ਸਕੇ।
'ਪਾਣੀ-ਪੀ-ਲਾ' ਕੋਲ਼ ਪਏ ਮੱਘੇ ਵਿੱਚੋਂ ਪਾਣੀ ਦੀ ਕੌਲੀ ਭਰ ਕੇ ਫੜ੍ਹਾਈ, 'ਖੰਭ ਮੇਰੇ ਵੀ ਉੱਗਰੇ ਸੀਗੇ, ਪਰ ਚਿੱਤ ਨੇ ਉੱਡਣ ਦੀ ਹਮੈਤ ਨ੍ਹੀ ਭਰੀ, ਬਈ ਲੋਕ ਕੀ ਕਹਿਣਗੇ, ਏਹ ਸੋਚ ਕੇ ਹੱਥੀ ਝਾੜ-ਲੇ, ਪਰ ਲੋਕੀ ਤੇ ਹਲੇ ਵੀ ਨਹੀਂ ਕਹਿਣੋ ਟਲਦੇ' ਬਲੌਰਾ ਉਹਦਾ ਕਲੇਜਾ ਧਰਾਉਣ ਲਈ ਇੱਕੇ ਟਕ ਬੋਲੀ ਗਿਆ, 'ਬਸ ਆ ਖੁੱਲ੍ਹ ਦੇਣੀ ਹੀ ਖਣੀ ਅਣਖ਼ ਹੁੰਦੀ ਐਂ" ਪਰ ਘੀਚਰ ਦੀ ਚੁੱਪ ਗੱਲ ਨੂੰ ਅੱਗੇ ਨਹੀਂ ਸੀ ਤੁਰਣ ਦੇ ਰਹੀ ਤਾਂ ਉਹਨੇ ਪੈਰ ਨਾਲ ਚੂੰਡੀ ਵੱਢ ਕੇ ਹਲੂਣਿਆ, 'ਸਰੀਰ ਚ ਹੈਗਾਂ ਕੇ ਤਿੱਤਰ-ਬਿੱਤਰ ਹੋ ਗਿਐਂ, ਸਹੁੰ ਲੱਗੇ ਐਸ ਕੁੱਜੇ ਦੀ' ਉਹਨੇ ਪਾਣੀ ਦੀ ਚੂਲ੍ਹੀ ਭਰ ਲਈ, 'ਮੇਰੀ ਭੈਣ ਕਾਈ ਚਗਲ ਨੀ ਤੁਰੀ ਫਿਰਦੀ, ਜਣੇ-ਖਣੇ ਪਿੱਛੇ, ਜੇ ਤੇਰੇ ਬਿਨਾ ਓ ਕਿਸੇ ' ਹੋਰ ਵੰਨੀ ਝਾਕੀ ਤਾਂ ਡੱਕਰੇਂ ਨਾ 'ਕਰਦੂੰ ਡੱਕਰੇਂ" ਤੇ ਫੇਰ ਭਰੋਸੇ ਨਾਲ ਭਰੀ ਮੁਸਕਾਨ ਨਾਲ ਬੋਲਿਆ, 'ਐ' ਕਵੇ ਝਾਕੂ ਦੀਨ ਆਲੀ ਐ, ਅਣਖ਼ ਆਲੀ, ਮੇਰੀ ਪੱਗ ਨੂੰ ਦਾਗ਼ ਨੀ ਲੌਂਦੀ... ਸਿਰ ਤੇ ਬੰਨ੍ਹੀ ਸੰਤਰੀ ਪੱਗ ਨੂੰ ਦੋਵਾਂ ਹੱਥ ਨਾਲ ਫੜ੍ਹ ਲਿਆ, 'ਵੇਖ-ਲੀਂ”।
ਕੁਝ ਚਿਰ ਚੁੱਪ ਤਣੀ ਰਹੀ।
'ਬੱਲੇ ਓਏ ਨਗੌਰੀਆਂ' ਫੇਰ ਹੌਲੀ ਅਵਾਜ ਨਾਲ ਸ਼ਹਿ ਕੇ ਬੋਲਿਆ 'ਪੁੱਛਾਂ ਤਾਂ ਜੇ -ਸੱਚ ਦੱਸੇਂ-ਗਾ, ਵਲੇਵਾਂ ਪਾ ਕੇ ਮੰਵੀ ਰਾਜ਼ੀ ਨੀ' ਘੀਚਰ ਨੇ ਅੱਗੇ ਹੁੰਗਾਰਾ ਭਰਨ ਲਈ ਸਿਰਫ਼ ਧੌਣ ਦੀ ਨੀਵੀਂ ਹੀ ਉੱਤੇ ਚੱਕੀ, 'ਤੂੰ ਏਥੇ ਦੇਹ ਦੀ ਭੁੱਖ ਤੋਂ ਸਤਿਆ ਔਣਾ ਹੁੰਨਾ, ਕੇ ਚਾਰ ਲਾਵਾਂ ਵੀ ਘੁਕੇਗਾ' ਨਾਲ ਈ ਉਹਨੇ ਧੌਣ ਨੂੰ