ਜਿਉਂ ਰਹੇ, ਇਸ਼ਕ ਤਾਂ ਉਹ ਫੁੱਲਾਂ ਦੀ ਵੇਲ ਐ, ਜੋ ਦਰਿਆ ਦੇ ਥੱਲੇ ਉੱਗਦੀ ਐ' ਘੀਚਰ ਨੇ ਝੰਗ ਦੇ ਕਾਲਰ ਨਾਲ ਮੁੜ੍ਹਕੇ ਦੀਆਂ ਮੁੱਛਾਂ ਨੂੰ ਪੂੰਝ ਦਿੱਤਾ। ਹੱਥ ਨਾਲ ਸੰਧੂਰ ਵਾਲੀ ਡੱਬੀ ਪਰੇ ਕਰਕੇ ਬੋਲਿਆ, 'ਆਪਾਂ ਯਕੀਨ ਤੋਂ ਔਤਰੇ ਹੋ ਕੇ ਤਾਂ ਨਈਂ ਇਨ੍ਹਾਂ ਪਾਵਿਆਂ ਤਾਈਂ ਅਪੜੇ, ਖੌਰੇ ਕਿੰਨੇ ਜਣਿਆਂ ਨੂੰ ਧੋਖੇ ਦੇ ਰਹੇ ਆਂ'।
'ਭਰੋਸਾ..' ਦੀਸਾਂ ਥੋੜ੍ਹੀ ਅੱਗੇ ਹੋਈ ਤਾਂ ਦੋਵਾਂ ਦੇ ਪਰਛਾਂਵੇ ਇੱਕ-ਮਿੱਕ ਹੋ ਕੇ ਵੀ ਵੱਖ ਹੀ ਰਹੇ। ਘੀਚਰ ਨੇ ਖੱਬਾ ਹੱਥ ਲੱਕ ਤੋਂ ਚੁੱਕ ਕੇ ਉਹਦੇ ਮੋਢਿਆਂ ਦੇ ਗਾਤਰੇ ਪਈ ਚੁੰਨੀ ਨੂੰ, ਸਿਰ ਤੇ ਫੇਰ ਰੱਖਿਆ ਤੇ ਸਿਰ ਪਲੇਸ ਕੇ ਕੋਈ ਦੁਆ ਦਿੱਤੀ।
ਘੀਚਰ ਨੇ ਜਦ ਖੱਬਾ ਪੈਰ ਚੱਕ ਕੇ ਬਾਹਰ ਕੱਢ ਲਿਆ ਤਾਂ ਦੀਸਾਂ ਬੋਲੀ, 'ਕੱਖ ਨੀ ਲੁਕਿਆ ਮੈਥੋਂ, ਕਿਸੇ ਦੇ ਲੜ ਲੱਗਣ ਤੋਂ ਪਹਿਲਾਂ ਤੀਵੀਂ ਪੇਕੇ ਮਰਜ਼ੀ ਨਾਲ ਜਿੰਦ ਵਿਉਂਦੀ ਐ, ਫੇਰ ਅੱਗੇ ਤਾਂ ਜਾ ਵੱਢੀ ਦੀ ਧੂਅ-ਘੜੀਸ ਈ ਹੁੰਦੀ ਐ, ਮੰਵੀ ਆਪ ਨੂੰ ਐਹੋ-ਜਾ ਮੌਕਾ ਦਿੱਤਾ, ਤੇਰੇ ਤੇ ਕਾਈ ਅਸਾਨ ਨ੍ਹੀ ਕਰਿਆ' ਡੱਬੀ ਵਿੱਚ ਫੂਕ ਮਾਰ ਕੇ ਸੰਧੂਰ ਨੂੰ ਹਵਾ ਵਿੱਚ ਖਿੰਡਾ ਦਿੱਤਾ।
ਸੰਧੂਰ ਘੀਚਰ ਦੀਆਂ ਦਾੜ੍ਹੀ-ਮੁੱਛਾਂ ਨੂੰ ਰੰਗ ਚਾੜ ਗਿਆ। ਦੀਸਾਂ ਨੇ ਚੁੰਨੀ ਨਾਲ ਮੱਥੇ ਦਾ ਮੁੜ੍ਹਕਾ ਤਾਂ ਪੂੰਜਿਆ, ਪਰ ਬੁੱਲ੍ਹਾਂ ਤੇ ਸਿੰਮ ਕੇ ਬਣੀਆਂ ਮੁੜ੍ਹਕੇ ਦੀਆਂ ਮੁੱਛਾਂ ਨੂੰ ਉਵੇਂ ਈ ਰਹਿਣ ਦਿੱਤਾ। ਇਉਂ ਪਹਿਲੀ ਵਾਰ ਹੋਇਆ ਸੀ। ਉਹ ਬੁੱਲ੍ਹਾਂ ਤੇ ਇਉਂ ਮੁੱਛਾਂ ਨੂੰ ਕਦੇ ਉੱਗਣ ਨਹੀਂ ਸੀ ਦਿੰਦੀ।
ਘੀਚਰ ਆਪਣੀ ਸੁੰਨ ਹੋਏ ਸੱਜੇ ਪੈਰ ਨਾਲ ਤੁਰਦਾ ਹੋਇਆ, ਜੀਹਦੇ ਵਿੱਚ ਕੀੜੀਆਂ ਦੌੜ ਰਹੀਆਂ ਸੀ, ਜਦੋਂ ਬਲੌਰੇ ਦੇ ਮੰਜੇ ਕੋਲ ਦੀ ਲੰਘਿਆ ਤਾਂ ਖੰਗੂਰਾ ਸੁਣ ਕੇ ਉਹ ਥਾਂ ਤੇ ਹੀ ਰੁੱਕ ਗਿਆ। ਤੇ ਖੱਬੇ ਪਾਸੇ ਵੇਖਿਆ ਤਾਂ ਮੰਜੇ ਤੇ ਬਲੌਰੇ ਦੀ ਬਾਂਹ ਦਾ ਸਿਰਹਾਣਾ ਲਾ ਕੇ ਡੱਬੀ ਬੱਕਰੀ ਪਈ ਸੀ। ਚਾਨਣੀ ਵਿੱਚ ਆਟੇ ਵਾਂਗ ਆਕੜੇ ਝੱਗੇ ਦੇ ਬਟਣ ਖੁੱਲ੍ਹੇ ਹੋਣ ਕਰਕੇ, ਉਹਦੀ ਹਿੱਕ ਉੱਤੇ ਸੰਘਣੇ ਵਾਲ, ਛਾਂਵੇ ਉੱਗੇ ਖੱਬਲ ਵਾਂਗ ਦਿਸੇ। ਬਲੌਰੇ ਨੇ ਉਬਾਸੀ ਲੈਂਦੇ ਹੋਇਆਂ, ਬੱਕਰੀ ਨੂੰ ਥਾਪੜ ਕੇ ਆਖਿਆ, 'ਆਹ ਜਾਣ ਲੱਗਿਆ ਬਾਹਰੋਂ ਬਾਰ ਦੀ ਸੱਬਲ ਅਡਾ-ਜੀਂ ਬੇਲੀਆ, ਮੈਂ ਤਾਂ ਪਸ਼ਾਵ ਕਰਕੇ ਪੈ ਗਿਆਂ, ਹੁਣ ਕਿੱਥੇ ਉਠੂ-ਗਾ...’ ਬਾਂਹ ਹੇਠ ਖੇਸ ਕਰਕੇ ਮੌਜ਼ ਨਾਲ ਅੱਖਾਂ ਬੰਦ ਕਰਕੇ ਪੈ ਗਿਆ।
*** *** ***
ਪਿੰਡ ਵਿੱਚ ਅਜੇ ਟਾਂਵੇ-ਟਾਂਵੇ ਘਰਾਂ ਵਿੱਚ ਬਿਜਲੀ ਦੀਆਂ ਤਾਰਾਂ ਪੈ ਚੁੱਕੀਆਂ ਸੀ। ਬਚਨੇ ਦੇ ਘਰ ਵਿੱਚ ਲੱਗੇ ਬਲਬ ਦਾ ਚਾਨਣ ਜਦੋਂ ਬਲੌਰੇ ਦੇ ਵਿਹੜੇ ਵਿੱਚ ਕੰਧ ਲੰਘ ਕੇ ਆਉਂਦਾ ਤਾਂ ਇਹਨਾਂ ਦੀ ਬਾਲੀ ਲਾਲਟੈਣ ਦਾ ਚਾਨਣ ਕਿਤੇ ਈ ਸਿਤਮ ਹੋ ਜਾਂਦਾ। ਇਹ ਵੇਖ ਕੇ ਅਜੈਬ ਆਪਣੇ ਰੋਟੀ ਵਾਲੀ ਥਾਲੀ ਚੱਕ ਕੇ, ਓਨ੍ਹਾਂ ਦੀ ਕੰਧ ਵੱਲ ਤੁਰ ਪੈਂਦਾ, ਤੇ ਕੰਧ ਲੰਘ ਕੇ ਆਏ ਚਾਨਣ ਵਿੱਚ ਬਹਿ ਕੇ ਰੋਟੀ ਖਾਣ ਲੱਗ ਪੈਂਦਾ। ਪਰ ਬਲੌਰੇ ਤੋਂ ਇਹ ਸਭ ਕੁਝ ਜਰਿਆ ਨਹੀਂ ਸੀ ਜਾਂਦਾ। ਉਹਨੇ ਤਿੰਨ ਚਾਰ ਵੱਡੇ-ਵੱਡੇ ਡੰਡੇ ਲਗਾ ਕੇ ਪੱਲੀ ਤਾਣ ਲਈ, ਜਿੱਥੇ ਉਹਨਾਂ ਦੇ ਬਲਬ ਦਾ ਚਾਨਣ ਨਹੀਂ ਸੀ ਆਉਂਦਾ, ਫੇਰ ਦੀਵਾ ਬਾਲ ਕੇ ਪਾਵੇ ਤੇ ਧਰ ਲੈਂਦਾ, ਤੇ ਇਹ ਦੇ ਮਿੱਸੇ