ਚਾਨਣ ਵਿੱਚ ਰੋਟੀ ਖਾਂਦਾ।
'ਏਨ੍ਹਾਂ ਦੇ ਬਲਬਾਂ ਨਾਲ ਸਾਡਾ ਨ੍ਹੇਰ ਨੀ ਦੂਰ ਹੋਣਾ, ਆਪ ਈ ਦੀਵਾ ਬਾਲਣਾ ਪੈਣਾ' ਉਹਦੇ ਚਿੱਤ ਕਦੇ ਕੌਂਸ ਆ ਜਾਂਦੀ ਸੀ।
ਬਲੌਰੇ ਨੇ ਸਵੇਰ ਦੀ ਚਾਹ ਪੀਂਦੇ ਹੋਇਆਂ, ਵਿਹੜੇ ਵਿੱਚ ਉਹਦੇ ਰੱਖੇ ਹੋਏ ਪਾਣੀ ਦੇ ਠੀਕਰੇ ਵਿੱਚ ਅੰਗਰੇਜ਼ ਕੇ ਕੁੱਤੇ ਨੂੰ ਬੈਠਿਆਂ ਦੇਖਿਆ ਤਾਂ ਉਹਨੇ ਹਰਖ ਨਾਲ ਗਲਾਸ ਨੂੰ ਏਨੀ ਜ਼ੋਰ ਨਾਲ ਘੁੱਟਿਆ ਕਿ ਉਹਦਾ ਚਿੱਬ ਕੜੱਕ ਕਰਕੇ ਨਿਕਲ ਗਿਆ। ਤੇ ਫੇਰ ਜਦ ਡੱਬੂ ਕੁੱਤੇ ਨੂੰ 'ਲਗੇ-ਲਗੇ' ਦੀ ਬੁਸ਼ਕਰ ਮਾਰੀ ਤਾਂ ਉਹ ਗਲੀ ਵਿੱਚੋਂ ਆ ਕੇ ਜਦ ਘਰ ਦੇ ਬੂਹੇ ਵਿੱਚ ਖੜਿਆ ਸੀ ਤਾਂ ਇਹ ਕੁੱਤਾ ਠੀਕਰੇ ਵਿੱਚੋਂ ਨਿਕਲ ਕੇ ਭੱਜ ਪਿਆ।
ਬਲੌਰੇ ਨੇ ਦਾਤੀ ਤੇ ਰੱਸਾ ਵਲ੍ਹੇਟ ਕੇ ਅੰਗਰੇਜ਼ ਦੇ ਘਰ ਵੱਲ ਦਾ ਰੁਖ ਕਰ ਲਿਆ। ਉਹਨਾਂ ਨੇ ਏਸ ਵਾਰੀ ਸਾਰੇ ਘਰ ਨੂੰ ਚਿੱਟੀ ਕਲੀ ਫਿਰਵਾ ਲਈ ਸੀ ਤੇ ਉਹਨੂੰ ਚੁਬਾਰੇ ਤੇ ਲੱਗੇ ਵੱਡੇ ਸਾਰੇ ਝੰਡੇ ਦਾ ਹਵਾ ਨਾਲ ਹਿਲਣ ਕਰਕੇ ਕਿੰਨਾ ਹੀ ਖੜਾਕ ਸੁਣਾਈ ਦਿੰਦਾ ਰਿਹਾ। ਵਹਿੜਕੇ ਨੂੰ ਕਿੱਲੇ ਤੋਂ ਖੋਲ੍ਹ ਕੇ, ਖੇਲ ਵਿੱਚੋਂ ਪਾਣੀ ਪਿਆਉਣ ਲੱਗ ਪਿਆ, ਤੇ ਉਹਦੇ ਕੰਨ ਤੇ ਲੱਗੇ ਪੋਟੇ ਜਿੱਡੇ ਭੂਰੇ ਚਿੱਚੜ ਨੂੰ ਪੱਟ ਕੇ ਫੇਹ ਦਿੱਤਾ, 'ਅੱਜ ਕੈ ਥੱਬੇ ਲਿਔਣੇ ਆ ਪੱਠਿਆਂ ਦੇ ਬਾਈ ਸਿਆਂ'।
'ਛੀ' ਸਪਰੇ ਵਾਲੇ ਗੇਲਣ ਦੇ ਮੂੰਹ ਨੂੰ ਵੱਢ ਕੇ ਬਣਾਏ ਡੱਬੇ ਨੂੰ ਕੱਕੇ ਰੇਤੇ ਨਾਲ ਮਾਂਜਦਾ ਹੋਇਆ ਅੰਗਰੇਜ਼ ਵਾੜੇ ਵਿੱਚੋਂ ਆਉਂਦਾ ਬੋਲਿਆ, 'ਕੀ ਬੀਜਾਂਦ ਕਰਨੀ ਐਂ ਫੇਰ ਐਂਤਕੀ, ਨਾਲੇ ਪਤੰਦਰਾ ਕੀ ਖਾਣ ਲਾ ਪਿਐਂ, ਨਿਖ਼ਰਦਾ ਈ ਔਨਾ..।
'ਢਿੱਡ ਭਰ-ਜੇ ਏਨਾਂ ਦੀ ਕਾਰੀ ਐ' ਵਹਿੜਕਾ ਧਸਾੜ ਚੱਕ ਕੇ ਨਿੰਮ ਦੇ ਪੱਤੇ ਮੁੱਛਣ ਲੱਗਿਆ ਤਾਂ ਉਹਨੂੰ ਖਿੱਚ ਕੇ ਗੱਡੀ ਵੱਲ ਲੈ ਗਿਆ, 'ਧਾਈ ਲੈਣ ਦੀ ਵਿੱਡ ਐ, ਡੁੱਕ... ਡੁੱਕ... ਡੁੱਕ...’ ਗੱਡੀ ਉਹਦੇ ਕੰਨੇ ਤੇ ਧਰ ਕੇ, ਨੱਥ ਠੀਕ ਕੀਤੀ, ਜੋ ਇੱਕ ਪਾਸੇ ਨੂੰ ਪੂਰੀ ਈ ਫਿਰ ਗਈ ਸੀ।
'ਧਾਈਂ..' ਦਾ ਨਾਉ ਸੁਣ ਕੇ ਅੰਗਰੇਜ਼ ਉਹਦੇ ਵੱਲ ਸਿਸਤ ਬੰਨ੍ਹ ਕੇ ਵੇਖਣ ਲੱਗਿਆ। ਉਹ ਹੀ ਗੱਲ ਹੋਈ ਜੀਹਦਾ ਡਰ ਸੀ। ਉਹਨੇ ਰਾਤੀਂ ਸੋਚਿਆ ਸੀ, 'ਬਈ ਜੇ ਏਨੇ ਵੀ ਆਪਣੇ ਖੇਤ ਝੋਨੇ ਆਲ਼ਾ ਵੰਜ ਬਰੋਬਰ ਗੱਡ-ਤਾਂ ਫੇਰ ਕਲੋਟਾ ਹੋ ਜਾਣੈ ਦਣ, ਜੇ ਏਹ ਨਰਮੇਂ ਦੇ ਚਾਰ ਓੜੇ ਕੱਢੂ, ਫੇਰ ਈ ਏਹਦੇ ਵਾਹਣ ਦੀ ਪਾਣੀ ਵਾਲੀ ਵਾਰੀ ਆਵਦੇ ਖੇਤ ਲੱਗੂ, ਨਾਲੇ ਝੋਨੇ ਦੀ ਫਸਲ ਤਾਂ ਨਿਰੀ ਵੱਟ ਤੇ ਪਈ ਐ, ਨਰਮਾ ਸਾਲਾ ਜੂਆ, ਜੇ ਮੀਂਹ-ਕਣੀ ਨਾਲ ਨਰਮਾ ਦੋ-ਕੁ ਆਰੀ ਫੁੜਕ ਗਿਆ, ਫੇਰ ਆਪੇ ਈ ਪੈਸੇ ਟਕੇ ਲਈ ਹੱਥ ਅੱਡ ਲਊ, ਬੱਸ ਉਹ ਅੱਡੇ ਹੱਥ ਈ ਗੂਠਾ ਨੀਲਾ ਕਰਕੇ ਵੱਢਣੇ ਐਂ, ਕਰਦਾਂ ਕਾਈ ਭੰਨ੍ਹ ਘੜ..'।
ਵਹਿੜਕੇ ਨੇ ਗੱਡੀ ਕੰਨੇ ਤੋਂ ਹੇਠਾਂ ਸੁੱਟ ਦਿੱਤੀ ਤਾਂ ਖੜਾਕ ਨਾਲ ਅੰਗਰੇਜ਼ ਦੀ ਸੁਰਤ ਫੇਰ ਏਥੇ ਮੁੜ ਆਈ ਤੇ ਸਲਾਹ ਮੂਜਬ ਬੋਲਿਆ, 'ਬਾਈ ਰੇਡਿਉ ਆਲੇ ਆਂਦੇ ਐ, ਪੂਰੇ ਸਿਆਣੇ ਐ.. ਸਰਕਾਰ ਵੀ ਮੰਨ ਕੇ ਚੱਲ ਓਨ੍ਹਾਂ ਤੋਂ ਪੁੱਛ ਕੇ ਈ ਬਣਦੀ ਐ, ਅਖੇ ਨਰਮਾ ਐਤਕਾਂ ਚਿੱਬ-ਕੱਢ ਹੋਊ, ਚਾਰ ਓੜੇ ਤੂੰ ਕੱਢ ਲੈ, ਪਾੜ੍ਹਿਆਂ ਚ ਬੀਜੀ