ਕਹਿਣਾ ਚੰਗਾ ਨਹੀਂ ਲੱਗਿਆ। ਭੁੰਨ ਬਣ ਕੇ ਉਹਨਾਂ ਦੇ 'ਲੱਲੇ-ਭੱਭੇ' ਸੁਣੀ ਗਿਆ, ਤੇ ਫੇਰ ਕਾਅਲੀ ਨਾਲ ਵਹਿੜਕੇ ਨੂੰ ਗੱਡੀ ਵਿੱਚ ਜੋੜ ਲਿਆ।
ਮੂਰਤੀ ਨੇ ਜਾਣ ਲੱਗੇ ਨੂੰ ਲੱਸੀ ਦਾ ਗਲਾਸ ਭਰ ਕੇ ਫੜਾ ਦਿੱਤਾ। ਉਹਨੇ ਗਲਾਸ ਨੂੰ ਪੂਰੀ ਨਿਰਖ਼ ਨਾਲ ਵੇਖਿਆ ਤਾਂ ਇਹਦੇ ਤੇ ਦੋ ਮੋਰਨੀਆਂ ਪੈਲ੍ਹਾਂ ਪਾਈ ਜਾਂਦੀਆਂ ਵੇਖ ਕੇ ਚਿੱਤ ਦਿਲ ਅਸ਼-ਅਸ਼ ਕਰ ਉਠਿਆ। ਗੱਡੀ ਦੇ ਤੇ ਪਏ ਝੋਲੇ ਵਿੱਚੋਂ ਬਾਹਰ ਝਾਕਦੇ ਕੁੱਜੇ ਨਾਲ ਅੱਖ ਮਿਲਾ ਕੇ ਆਖਿਆ, 'ਕੁੱਜਿਆ ਵੇਹਨਾਂ ਫੇਰ ਮੀਨਾਕਾਰੀ, ਕੱਢੇ ਪਏ ਐ ਚਿੱਬ ਕਨਾ, ਊਂ ਇੱਕ ਗੱਲ ਦੱਸਾਂ, ਜਿਨ੍ਹਾਂ ਲੋਕਾਂ ਦਾ ਜ਼ਮੀਰ ਨੀ ਵਿਕਦਾ ਉਨ੍ਹਾਂ ਦੇ ਭਾਂਡੇ ਵਿਕ ਜਾਂਦੇ ਐ' ਫੇਰ ਲੱਸੀ ਪੀਂਦੇ ਨੇ ਤੰਦੂਰ ਤੇ ਭਾਂਡਿਆਂ ਨਾਲ ਟੀਸੀ ਕੱਢ ਕੇ ਪਏ, ਟੋਕਰੇ ਵੱਲ ਵੇਖ ਕੇ ਚਿੱਤ ਵਿੱਚ ਮੋੜ ਦਿੱਤਾ, 'ਲੱਗਦੇ ਤਾਂ ਮੈਨੂੰ ਏਹ ਵੀ ਕੱਲੇ ਭਾਡਿਆਂ ਆਲ਼ੇ ਈ ਐ...।
ਖ਼ਾਲੀ ਗਲਾਸ ਵਿੱਚ ਜਦੋਂ ਮੂਰਤੀ ਨੇ ਦੋ ਘੁੱਟਾਂ ਲੱਸੀ ਦੀਆਂ ਵੇਖੀਆਂ ਤਾਂ ਅਚਾ ਮੰਨ ਕੇ ਪੁੱਛਿਆ, 'ਵੇ ਬਲੌਰ, ਪਾਣੀ ਹੋਵੇ ਚਾਹੇ ਦੁੱਧ, ਤੂੰ ਆਹ ਪਿੱਛੇ ਜੂਠੀ ਘੁੱਟ ਕਾਹਤੋਂ ਛੱਡਦਾ ਹੁੰਨਾ...।
ਉਹਨੇ ਰੋਅਬ ਨਾਲ ਭਰੇ ਸ਼ਾਂਤ ਚਿਹਰੇ ਤੇ ਹੱਥ ਫੇਰ ਕੇ, ਠਰਮੇ ਨਾਲ ਮੋੜ ਦਿੱਤਾ, 'ਏਹ ਤਾਂ ਭਾਬੀ ਰੱਜੇ ਬੰਦੇ ਦੀ ਨਸ਼ਾਨੀ ਹੁੰਦੀ ਐ' ਵਹਿੜਕੇ ਨੂੰ ਖੇਤਾਂ ਵੱਲ ਤੋਰ ਲਿਆ, 'ਏਹ ਜੂਠ ਨਹੀਂ ਕਿਹੇ ਜੀਅ ਦਾ ਰਿਜ਼ਕ ਹੁੰਦੈ...।
'ਰਿਜ਼ਕ..' ਮੂਰਤੀ ਨੇ ਪਸ਼ੇਮਾਨੀ ਨਾਲ ਉਹਦੀ ਆਖੀ ਗੱਲ ਚਿੱਤ ਵਿੱਚ ਦੁਹਰਾਈ ਤੇ ਨਾਲ ਈ ਅੰਗਰੇਜ਼ ਦੀ ਜੂਠੀ ਬਾਟੀ ਵੱਲ ਵੇਖਿਆ, ਜੋ ਐਨ ਖ਼ਾਲੀ ਸੀ। ਇੱਕ ਵੀ ਮੱਖੀ ਨਹੀਂ ਸੀ ਬੈਠੀ, ਪਰ ਬਲੌਰੇ ਦੇ ਜੂਠੇ ਗਲਾਸ ਵਿੱਚ ਤਿੰਨ-ਚਾਰ ਮੱਖੀਆਂ 'ਭੀਂਅ- ਭੀਂਅ' ਕਰਦੀਆਂ ਅੰਦਰ ਬਾਹਰ ਵੜ-ਵੜ ਕੇ ਨਿਕਲ ਰਹੀਆਂ ਸੀ।
ਰਿਜ਼ਕ ਵਾਲੀ ਗੱਲ ਮੂਰਤੀ ਦੇ ਛੇਤੀ ਖਾਨੇ ਪੈ ਗਈ।
ਮੋਦਨ ਦਾ ਮੁੰਡਾ ਧੱਤੂ, ਸਿਰ ਤੇ ਪਟਕਾ ਬੰਨ੍ਹ ਕੇ, ਜੀਹਦਾ ਗੋਟਾ ਚਿਲਕ ਰਿਹਾ, ਕੱਚੇ ਪਹੇ ਦੇ ਬੰਨ੍ਹੇ ਤੇ ਰੇਵੀਆ-ਚਾਲ ਤੁਰਿਆ ਆਉਂਦਾ ਟੱਕਰ ਪਿਆ। ਉਹਨੇ ਖੱਬੀ ਬਾਂਹ ਤੇ ਦਾਰੋ ਦੀ ਪੁਰਾਣੀ ਰੰਗਲੀ-ਚੁੰਨੀ ਦੇ ਵਲਾਂਵੇ ਮਾਰੇ ਹੋਏ ਸੀ। ਦਿਲ ਵਿੱਚ ਆਈ, ਕਿ ਆਪਣੇ ਸਾਫੇ ਨਾਲ ਇਹ ਚੁੰਨੀ ਵਟਾ ਲਵੇ ਜਦੋਂ ਗੱਡੀ ਕੋਲ ਦੀ ਲੰਘਣ ਲੱਗੀ ਤਾਂ ਉਹਨੇ ਅੱਖ ਦੇ ਝਮਕੇ ਨਾਲ ਵਿੱਢ ਦੇ ਵਾਂਹੇ ਨੂੰ ਹੱਥ ਪਾ ਕੇ, ਟਪੂਸੀ ਜਿਹੀ ਮਾਰ ਕੇ ਉੱਤੇ ਚੜ੍ਹ ਗਿਆ। ਗੱਡੀ ਪੱਠਿਆਂ ਦੇ ਟੱਕ ਵਿੱਚ ਵੜ ਗਈ ਤਾਂ ਹੁਲਾਰੇ ਵੱਜਣ ਕਰਕੇ ਥੁੜ੍ਹਕਦੀ ਅਵਾਜ਼ ਵਿੱਚ ਪੁੱਛਿਆ, 'ਚਾਚਾ ਸੋਡੇ ਖੇਤੋਂ ਚਾਰ ਕੁ ਚੀਰਨੀਆਂ ਸਾਗ ਤੋੜ ਕੇ ਲੈਜਾਂ, ਬੀਬੀ ਨੇ ਮੰਗਾਇਐ..'।
'ਲੈ ਸਾਗ ਛੱਡ ਭਾਂਵੇ ਮੇਰੀ ਗਿੱਚੀ ਚੋਂ ਮਣਕੇ ਕੱਢ ਕੇ ਲੈ-ਜਾਂ' ਤੇ ਫੇਰ ਗੱਡੀ ਨੂੰ ਵਹਿੜਕੇ ਦੇ ਕੰਨੇ ਤੋਂ ਲਾਹੁੰਦਾ ਹੋਇਆ, ਧੱਤੂ ਵੱਲ ਪੂਰੀ ਨਿਰਖ਼ ਨਾਲ ਵੇਖਿਆ, ਜਿਵੇਂ ਉਹਦੇ ਵਿੱਚ ਦੀ ਦਾਰੋ ਨੂੰ ਫੇਰ ਵੇਖਣ ਦੀ ਤਮਾ ਹੋਵੇ। 'ਓਏ ਭਲਾਂ ਤੂੰ ਕੈਮੀ ਜਮਾਤ ਚ ਪੜਦੈਂ...।