Back ArrowLogo
Info
Profile

'ਚੌਥੀ ਚ' ਧੱਤੂ ਨੇ ਹੱਥ ਦੀਆਂ ਚਾਰ ਉਂਗਲਾਂ ਦੀ ਤੰਗਲੀ ਵੀ ਬਣਾ ਦਿੱਤੀ।

ਬਲੌਰੇ ਨੇ ਧੱਤੂ ਦਾ ਸਿਰ ਆਪਣੇ ਸਰੀਰ ਨਾਲ ਲਾ ਕੇ ਕੱਦ ਮਿਣ ਲਿਆ। ਲੱਕ ਤੋਂ ਸਵਾ-ਗਿੱਠ ਉੱਚਾ ਸੀ। ਦਿਲ ਵਿੱਚ ਆਈ, ਜੇ ਕਿਤੇ ਉਹਦਾ ਵਿਆਹ ਵੀ ਵੇਲੇ ਸਿਰ ਹੋਇਆ ਹੁੰਦਾ, ਤਾਂ ਉਹਦੇ ਮੁੰਡੇ ਨੇ ਵੀ ਸੁੱਖ ਨਾਲ ਅੱਜ ਨੂੰ ਚੌਥੀ ਜਮਾਤ ਵਿੱਚ ਪੜ੍ਹਦੇ ਹੋਣਾ ਸੀ। ਉਹਦੇ ਤੋਂ ਰੰਗਲੀ ਚੁੰਨੀ ਫੜ੍ਹ ਕੇ ਹੇਠਾਂ ਵਿਛਾ ਲਈ, ਤੇ ਸਾਗ ਤੋੜਣ ਲਈ, ਚਾਦਰੇ ਦਾ ਲਾਂਗੜ ਕੱਢ ਕੇ ਪੱਠਿਆਂ ਵਿੱਚ ਵੜ੍ਹ ਗਿਆ। ਜਦੋਂ ਉਹਨੇ ਸਾਗ ਦੀ ਲਵੀ ਗੰਧਲ ਨੂੰ ਹੱਥ ਪਾਇਆ ਤਾਂ ਚਿੱਤ ਵਿੱਚ ਫੁਰੀ, 'ਦਾਰੋ ਦੀ ਬਾਂਹ ਵੀ ਏਨੀ ਕੂਲੀ ਹੋਣੀ ਐ'।

ਸਾਗ ਤੋੜ ਕੇ ਉਹਨੇ ਚੁੰਨੀ ਵਿੱਚ ਬੰਨ੍ਹ ਕੇ, ਚਾਰ ਕੁ ਸਰੋਂ ਦੇ ਅਗੇਤੇ ਨਿੱਸਰੇ ਫੁੱਲਾਂ ਦੀ ਟਾਹਣੀ ਵੀ ਤੋੜ ਕੇ ਵਿੱਚ ਰੱਖ ਦਿੱਤੀ ਤੇ ਫੇਰ ਧੱਤੂ ਦੇ ਸਿਰ ਤੇ ਰੱਖ ਕੇ ਤੋਰ ਦਿੱਤਾ। ਉਹਨੂੰ ਦੂਰ ਤੱਕ ਇਉਂ ਜਾਂਦੇ ਨੂੰ ਵੇਖਦਾ ਰਿਹਾ।

*** *** ***

ਅਜੇ ਬਲੌਰੇ ਨੇ ਪੱਠਿਆਂ ਦੀ ਦੂਜੀ ਪਾਂਤ ਦੀ ਇੱਕ ਸੱਥਰੀ ਵੱਢੀ ਸੀ, ਕਿ ਟਰੈਕਟਰ ਦਾ ਫੁੰਕਾਰਾ ਸੁਣ ਕੇ ਖੜ੍ਹਾ ਹੋ ਗਿਆ । ਬਚਨ ਕਿਆਂ ਨੂੰ ਅਜੈਵ ਦੀ 'ਬੈਂ' ਕੀਤੀ ਪੈਲੀ ਵਿੱਚ ਸੁਹਾਗਾ ਮਾਰ ਰਿਹਾ ਸੀ। ਸਲੰਸਰ ਚੋਂ ਧੂੰਏਂ ਦੀ ਵੱਡੀ ਲਕੀਰ ਅਕਾਸ਼ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੋਈ, ਉਪਰ ਨੂੰ ਚੜ੍ਹ ਰਹੀ ਸੀ। ਟਾਹਲੀ ਦੇ ਟੂਸਿਆਂ ਉੱਤੋਂ ਦੀ ਲੰਘਦੀ ਧੂੜ ਵੇਖ ਕੇ ਕੋਈ ਚਾਅ ਫੁੰਮਣੀ ਪਾ ਗਿਆ। ਧੂੜ ਆਪਦੇ ਵੱਲ ਆਉਂਦੀ ਵੇਖ ਕੇ ਉਹ ਅੱਖਾਂ ਬੰਦ ਕਰਕੇ ਖੜ੍ਹ ਗਿਆ। ਮੂੰਹ ਤੇ ਪੈਂਦੀ ਧੂੜ ਦਾ ਭਾਰ ਵੀ ਮਹਿਸੂਸ ਕਰਦੇ ਹੋਏ ਨੇ, ਜੀਭ ਕੱਢ ਕੇ ਧੂੜ ਦਾ ਸਵਾਦ ਵੀ ਚੱਖ ਲਿਆ।

ਬੁੱਲ੍ਹ ਜੋੜ ਕੇ 'ਡਰੂੰ... ਡਰੂੰ' ਦੀ ਅਵਾਜ਼ ਕੱਢਦਾ ਹੋਇਆ ਕਾਹਲੀ ਨਾਲ, ਪੱਬਾਂ ਭਾਰ ਬਹਿ ਕੇ ਨੀਰਾ ਵੱਢਣ ਲੱਗ ਪਿਆ। ਸਿਰ ਤੋਂ ਸਾਫ਼ਾ ਲਹਿ ਕੇ ਪਤਾ ਨਹੀਂ ਕਿਸ ਵੇਲ਼ੇ ਭੁੰਜੇ ਡਿੱਗ ਪਿਆ। ਪਤਾ ਨਹੀਂ, ਸੀਨੇ ਵਿੱਚੋਂ ਕਿਹਨੇ ਘਰੇੜ ਕੱਢੀ, 'ਹੈਵਜਾ ਟਰੈਟ ਤੇਰੇ ਥੱਲੇ ਵੀ ਹੋਣਾ ਸੀਗਾ' ਹੁਣ ਚੇਤੇ ਆਉਂਦੇ ਸਾਰ ਹੀ 'ਡਰੂੰ ਡਰੂੰ' ਦੀ ''ਅਵਾਜ਼' ਦੀ ਹੂੰਗਰ ਵਿੱਚ ਬਦਲ ਗਈ। ਦਾਤੀ ਕਰਚੇ ਵਿੱਚ ਅੜ ਕੇ ਉਛਲੀ ਤੇ ਉਹਦੀ ਚੀਚੀ ਨਾਲ਼ੋਂ ਮਾਸ ਦੀ ਕਾਤਰ ਲਾਹ ਕੇ ਉਹ ਮਾਰੀ।

'ਹੋ ਤੇਰੀ..' ਚੀਚੀ ਫੜ੍ਹ ਕੇ ਮੂੰਹ ਵਿੱਚ ਪਾ ਕੇ ਚੂਸਣ ਲੱਗਿਆ ਤਾਂ ਲਹੂ ਦਾ ਸਵਾਦ ਵੀ ਹੁਣੇ ਫੱਕੀ ਧੂੜ ਨਾਲ ਮਿਲਦਾ ਸੀ। ਜਿਵੇਂ ਲਹੂ ਵਿੱਚੋਂ ਹੀ ਮਿੱਟੀ ਜੰਮੀ ਸੀ। ਅੰਬਰ ਵੱਲ ਕੌੜ ਕੇ ਵੇਖਿਆ, 'ਮਤਾੜੇ ਬੰਦੇ ਨੂੰ ਫੋਕੀ ਤਸੱਲੀ ਵੀ ਨਹੀਂ ਲੈਣ ਦੇਂਦਾ, ਜਿਉਣ ਤਾਂ ਦੇਣਾ ਈ ਕੀ ਐਂ, ਏਹ ਤਾਂ ਆਵਦਾ ਈ ਜੇਰਾ ਬਲੌਰ ਸਿਆਂ, ਜੇੜ੍ਹਾ ਰੱਬ ਦੀ ਹਿੱਕ ਤੇ ਦੀਵਾ ਬਾਲ ਕੇ ਸਾਹ ਲਈ ਜਾਨੇ ਆਂ' ਫੇਰ ਆਪਣੇ ਦੋਵਾਂ ਹੱਥਾਂ ਵੱਲ ਪੂਰੇ ਗਹੁ ਨਾਲ ਵੇਖਣ ਲੱਗਿਆ। ਖੱਬੇ ਹੱਥ ਤੇ ਸੱਟਾਂ ਦੇ ਡੂੰਘੇ ਨਿਸ਼ਾਨ ਸੀ, ਐਨ ਜਵਾਂ ਹੀ ਚੀਰਿਆ ਪਿਆ ਸੀ। ਪਰ ਸੱਜੇ ਹੱਥ ਤੇ ਭੋਰਾ ਵੀ ਆਂਚ ਨਹੀਂ ਸੀ ਆਈ। ਬਲੌਰੇ ਦੇ ਦਿਲ ਵਿੱਚ ਆਈ, ਜਿਵੇਂ ਸੱਜਾ ਹੱਥ ਜਾਣ ਬੁੱਝ ਕੇ ਖੱਬੇ ਹੱਥ ਦੇ ਖ਼ਤ ਪਿਆ।

39 / 106
Previous
Next