'ਅੱਜ ਨੀਰੇ ਦੀ ਸੱਥਰੀ ਤਾਂ ਦੇਹ ਖਾ ਮਨਾਂ' ਬੰਸੀ ਨੇ ਆ ਕੇ ਉਹਦੀ ਸੂਰਤ ਆਪਣੇ ਵੱਲ ਮੋੜ ਲਈ। ਲਹੂ ਨਾਲ ਨੁੱਚੜੀ ਚੀਚੀ ਵੇਖ ਕੇ ਉਹਦਾ ਤਰਾਹ ਨਿਕਲ ਗਿਆ, 'ਓ ਹੋ ਪਤੰਦਰਾ ਵਾਵਾ ਮਰਾਈ ਰੈਠਾਂ, ਮੰਵੀ ਵੇਖ ਲਾ ਮੌਕੇ ਸਿਰ ਈ ਆ ਗਿਆਂ' ਪੱਲੀ ਹੇਠਾਂ ਰੱਖ ਕੇ, ਟੱਕ ਵਿੱਚ ਪਈ ਦਾਤੀ ਚੱਕ ਲਈ, 'ਆਉਖ਼ੇ ਵੇਲ਼ੇ ਰੱਬ ਵੀ ਬੰਦੇ ਵਿੱਚ ਦੀ ਬੌੜਦਾ..'।
'ਰੱਬ ਦੇ ਬੌੜ ਜਾਣ' ਵਾਲੀ ਗੱਲ ਬਲੌਰੇ ਦੀ ਛਾਤੀ ਨੂੰ ਪੱਛ ਦਿੱਤਾ। ਦਿਲ ਕੀਤਾ ਬੰਸੀ ਨੂੰ ਖੜੇ-ਪੈਰੀਂ ਕੋਰਾ ਜਵਾਬ ਦੇ ਦੇਵੇ, 'ਹੈ ਨ੍ਹੀ-ਗੇ ਪੱਠੇ' ਪਰ ਜਨੌਰਾਂ ਲਈ ਰਿਜਕ ਮੰਗਣ ਆਏ ਬੰਦੇ ਨੂੰ ਖ਼ਾਲੀ ਹੱਥ ਮੋੜਨਾ ਗਵਾਰਾ ਨਹੀਂ ਲੱਗਿਆ, 'ਉਠ ਕੇ ਖੜ੍ਹਾ ਹੋਈ..ਹੋ' ਬੰਸੀ ਚਾਦਰੇ ਦਾ ਲਾਂਗੜ ਕੱਢ ਕੇ ਪੱਠੇ ਵੱਢਦਾ ਹੋਇਆ ਖੜ੍ਹਾ ਹੋ ਗਿਆ। ਉਹਦੇ ਵੱਲ ਪੂਰੇ ਗਹੁ ਨਾਲ ਵੇਖੀ ਗਿਆ। ਰੱਬ ਨੂੰ ਵੇਖਣ ਦੀ ਕੋਸ਼ਿਸ਼ ਵਿੱਚ ਸੀ, 'ਊ..ਹੂੰ..।
‘ਕੀ ਹੋ ਗਿਆ ਬਾਈ' ਬੰਸੀ ਨਾਲ ਹੀ ਵਿਚਾਰਾ ਬਣ ਕੇ ਖੜਾ ਰਿਹਾ,
'ਮੈਨੂੰ ਤਾਂ ਤੇਰੇ ਚੋਂ ਕਿਤੇ ਰੱਬ ਨੀ ਦਿਸਿਆ, ਐਂ ਕਰ, ਜਿੰਨੇ ਨੀਰੇ ਦੀ ਤਮਾਂ ਪੱਲੀ ਚ ਪਾ ਤੇ ਤੁਰਦਾ ਹੋ' ਉਹਤੋਂ ਦਾਤੀ ਖੋਹ ਕੇ ਜ਼ੋਰ ਨਾਲ ਮਾਰ ਕੇ ਧਰਤੀ ਵਿੱਚ ਗੱਢ ਦਿੱਤੀ। ਰੱਬ ਦੀ ਝੋਲੀ ਵਿੱਚ ਕੁਛ ਪਾਉਣ ਦੀ ਰੀਝ ਰੱਖੀ।
ਬੰਸੀ ਨੇ ਛੇਤੀ ਦਿਣੇ ਪੂਣੀ ਕਰਕੇ ਪੱਲੀ ਵਿਛਾ ਲਈ ਤੇ ਵੱਢੇ ਪਏ ਪੱਠਿਆਂ ਵਿੱਚੋਂ ਪੰਡ ਬੰਨ੍ਹ ਲਈ। ਪੰਡ ਬੰਨ੍ਹ ਕੇ ਹਿਲਾ ਕੇ ਵੇਖੀ, ਤਾਂ ਕਾਫ਼ੀ ਭਾਰੀ ਸੀ । ਤਾਂ ਬੋਲਿਆ, 'ਮਾੜਾ ਜਾ ਹੱਥ ਤਾਂ ਲਵੰਈ" ਪੰਡ ਨੂੰ ਸਿਰ ਤੇ ਚੁਕਾਉਣ ਲਈ ਆਖਿਆ ਤਾਂ ਬਲੌਰੇ ਨੇ ਅੱਗੋਂ ਖ਼ਰੀ ਨਾਂਹ ਵਿੱਚ ਸਿਰ ਫੇਰ ਦਿੱਤਾ, 'ਮੈਂ' ਨ੍ਹੀ ਚਕੌਣੀ, ਜੇ ਰੱਬ ਨੇ ਘੱਲਿਆ, ਓਨੇ ਫੇਰ ਦੱਸਿਆ ਨੀ ਬੀ ਲਾਲਚ ਕੀਤਾ ਮਾੜਾ ਹੁੰਦੈ' ਤੇ ਫੇਰ ਮੂੰਹ ਵਿੱਚੋਂ ਅਵੱਲੀ ਜਿਹੀ ਅਵਾਜ਼ ਕੱਢਦਾ ਹੋਇਆ, ਦੁੱਖ ਦੀ ਚੀਚੀ ਨਾਲ ਪੱਠੇ ਵੱਢਣ ਲੱਗ ਪਿਆ।
ਬੰਸੀ ਨੇ ਕੌਂਸ ਮੰਨ ਕੇ, ਝੁੱਟੀ ਲੈ ਕੇ ਦੋ ਵਾਰ ਪੰਡ ਚੱਕਣ ਦੀ ਕੋਸ਼ਿਸ਼ ਕੀਤੀ, ਪਰ ਲੱਕ ਤੋਂ ਉੱਤੇ ਜਾ ਕੇ ਸਾਰਾ ਤਾਣ ਮਿੱਟੀ ਹੋ ਜਾਂਦਾ। ਉਹਨੂੰ ਇੰਜ ਘੁਲਦਾ ਵੇਖ ਕੇ ਬੋਲਿਆ, 'ਜਿਦੋਂ ਤੇਰੇ ਆਲਾ ਰੱਬ ਭੁੰਜੇ ਪੰਡ ਚਕਾਉਣ ਆਵੇ ਤਾਂ ਦੱਸਦੀ, ਮੈਂ ਪਾਸੇ ਹੋਜੂੰ, ਕਿਤੇ ਮੈਨੂੰ ਨਾ ਮਿੱਧ ਦੇ..।
*** *** ***
[ਪਿੱਛਲ-ਝਾਤ-ਸਮਾਪਤ]