Back ArrowLogo
Info
Profile

ਅੰਗੂਠੇ 'ਤੇ ਬੱਧੀ ਪੱਟੀ

ਬਲੌਰਾ ਖੰਗਰ ਇੱਟ ਤੇ ਬੈਠਾ ਹੋਇਆ, ਹੱਥਾਂ ਦੀਆਂ ਤਲੀਆਂ ਤੇ ਕੰਮ ਕਰ ਕਰ ਕੇ ਪਏ ਅੱਟਣਾਂ ਵੱਲ ਗਹੁ ਨਾਲ ਵੇਖਣ ਲੱਗ ਪਿਆ। ਜੋ ਲਕੀਰਾਂ ਨੂੰ ਮੇਟਦੇ ਹੋਏ ਕਾਲੇ ਟਿੱਟਣ ਹੋਏ ਪਏ ਸੀ। ਤਲੀ ਨਾਲ ਥਾਂ ਸਾਫ਼ ਕਰਕੇ, ਤੇ ਫੇਰ ਆਪਣੇ ਪੈਂਦੇ ਸਿਰ ਦੇ ਪਰਛਾਂਵੇ ਤੇ ਉਂਗਲ ਨਾਲ ਅੱਖਾਂ, ਨੱਕ ਤੇ ਮੂੰਹ ਬਣਾ ਦਿੱਤਾ।

ਇਹਦੇ ਨਾਲ ਅੱਖ ਮਿਲਾ ਕੇ ਬੋਲਿਆ, 'ਵੇਦ ਆਂਹਦੇ ਆ ਬੀ, ਰੱਬ ਕਦੇ ਕੋਈ ਗਲਤੀ ਨੀ ਕਰਦਾ' ਫੇਰ ਥੋੜ੍ਹਾ ਜਿਹਾ ਹੱਸ ਪਿਆ, 'ਮੈਂਥੋਂ ਪੁੱਛੇ ਕੋਈ, ਸਵ ਤੋਂ ਵੱਡੀ ਗ਼ਲਤੀ ਤਾਂ ਕਰੀ ਰੱਬ ਨੇ ਐ, ਉਹ ਦੋ ਆਰੀ ਤਾਂ ਨ੍ਹੀ ਜੰਮਿਆ, ਬੀ ਗ਼ਲਤੀ ਨਾ ਕਰੂ, ਕਰੀ ਐ, ਕਈ ਬੰਦੇ ਬਣਾ ਕੇ ਤਾਂ ਐਵੇਂ ਮਿੱਟੀ ਦਾ ਨਾਸ ਈ ਮਾਰਿਆ, ਕਾਈ ਹੁਰ ਜਨੌਰ ਬਣੌਦਾ ਖਾਂ...।

ਅੰਗਰੇਜ਼ ਨੇ ਅੱਜ ਫੇਰ ਕੀੜੀਆਂ ਦੇ ਭੌਣ ਤੇ ਡੀਟੀ ਬਰੂਰ ਕੇ ਹੱਥ ਝਾੜ ਕੇ, ਫੇਰ ਦੋਵੇਂ ਹੱਥ ਜੋੜ ਕੇ 'ਵਾਹਰ ਗੁਰੂ ਵਾਹਰ ਗੁਰੂ' ਦਾ ਜਾਪ ਕਰਦਾ ਹੋਇਆ, ਗੁਸਲਖ਼ਾਨੇ ਵਿੱਚ ਵੜ ਗਿਆ। ਅੰਦਰੋਂ ਬਾਣੀ ਪੜ੍ਹਣ ਦੀ ਆਉਂਦੀ ਗੂੰਜਵੀਂ ਅਵਾਜ਼ ਸੁਣ ਕੇ ਬਲੌਰੇ ਨੇ ਗੱਲ ਕੀਤੀ, 'ਕਿੰਨੀ ਖੱਸੀ ਤਮਾ ਬੰਦੇ ਦੀ ਹੋਰਾਂ ਨੂੰ ਨਿੱਕਾ ਵਖੌਣ ਦੇ ਚੱਕਰੀਂ ਪੈ ਕੇ ਬੰਦਾ ਹੋਣਾ ਭੁੱਲ ਗਿਆ, ਗਲਤੀ ਕਿਸੇ ਕੋਲ ਕਰੂ ਤੇ ਮਾਫ਼ੀ ਮੰਗੂ ਨੱਕ ਰਗੜ ਕੇ ਮੜ੍ਹੀਆਂ-ਮਸਾਣਾਂ ਤੋਂ, ਵੈਗੁਰੂ ਤੋਂ, ਜੇਰਾ ਹੈ-ਨੀ ਨਾ ਉਹਤੋਂ ਈ ਮਾਫ਼ੀ ਮੰਗਲੇ..'

ਫੇਰ ਪਰਛਾਂਵੇ ਤੇ ਡੱਕਾ ਮਾਰ ਕੇ, 'ਬੋਲਦਾ ਨ੍ਹੀ ਸੁਣੀ ਜਾਨਾ ਕੇ ਸੌਂ ਗਿਆ'।

ਜੰਗਲੇ ਨਾਲ ਲਮਕ ਰਹੀ ਪੀਲੇ ਰੰਗ ਦੀ ਚਿੜੀ ਚਹਿਕ ਪਈ, ਜਿਵੇਂ ਸਾਰੀ ਗੱਲ ਸਮਝ ਕੇ ਹੁੰਗਾਰਾ ਭਰਦੀ ਸੀ।

ਬਲੌਰੇ ਨੇ ਗੀਝੇ ਵਿੱਚੋਂ ਦਾਣਿਆਂ ਦੀ ਲੱਪ ਕੱਢ ਕੇ ਲਕੀਰਾਂ ਮਾਰੇ ਚਿਹਰੇ ਤੇ ਵਿਛਾ ਦਿੱਤੀ, 'ਭੈਣੇ ਦੇਣੇ ਦੀ ਬੰਦਾ ਕੁੱਤੀ ਸ਼ੈਅ ਏ, ਮੰਨਣਾ ਪਊ, ਰੱਬ ਤੋਂ ਮੰਗ-ਮੰਗ ਕੇ ਓਨੂੰ ਖੁੰਗਲ ਕਰਤਾ, ਹੁਣ ਓਦੇ ਕੋਲ ਦੇਣ ਲੀ ਕੁਛ ਨੀ ਬਚਿਆ ਤਾਂ, ਸਾਲੀ ਜਾਤ ਨੇ ਕਜਾਤ ਹੋਣ ਚ ਬਿੰਦ ਮਾਰਿਆ, ਆਪੇ ਚ ਈ ਲੁੱਟ ਮਚਾਉਣ ਲੱਗ-ਪੀ ਐ' ਪੂਰੇ ਕਰੋਧ ਨਾਲ ਦੰਦ ਪੀਹ ਦਿੱਤੇ, 'ਵੈਸੇ ਆਪਾਂ ਨੂੰ ਬੰਦਾ ਬਣਾ ਕੇ ਤਾਂ ਰੱਬ ਨੇ ਜਵੇਂ ਵੈਰ ਈ ਕੱਢਿਆ'।

ਖੇਲ ਵਿੱਚ ਪਈਆਂ ਕੋਕੜ ਰੋਟੀਆਂ ਵੇਖ ਕੇ, ਉਹਨੂੰ ਬਾਬੇ ਆਸੇ ਦੀ ਮਛਕ ਤੋਂ ਓਕ ਨਾਲ ਪਾਣੀ ਪੀਂਦੇ ਵੇਲੇ ਕੀਤੀ ਗੱਲ ਚੇਤੇ ਆਈ, 'ਅਖੇ ਜਸੂ-ਮਸੀਹ ਨੇ ਇੱਕ ਮੱਛੀ ਤੇ ਪੰਜ ਰੋਟੀਆਂ ਨਾਲ ਨਿਰੇ ਲੋਕਾਂ ਨੂੰ ਰਜਾ-ਤਾ ਸੀ, ਆਂਦੇ ਐ ਵੇਖਿਆ ਤਾਂ ਖ਼ਰ ਮੰਵੀਂ ਨਈਂ, ਅੰਨ ਫੇਰ ਵੀ ਬਚ ਗਿਆ ਸੀ' ਗਿੱਲ੍ਹੇ ਹੱਥ ਨੂੰ ਲੱਕ ਨਾਲ ਖੜ੍ਹੇ ਕੀਤੇ, ਖੂੰਡੇ ਨਾਲ ਘਸਾ ਕੇ ਪੂੰਜ ਲਿਆ, ‘ਬਾਬੇ ਨਾਨਕ ਨੇ ਵੀਹਾਂ ਨਾਲ ਈ ਲੰਗਰ ਖੋਲ੍ਹਤਾ ਸੀ, ਅਜੇ ਤੀਕ ਚਲੀ ਜਾਂਦੈ... ਪਰ' ਖੂੰਡੇ ਉੱਤੇ ਠੋਡੀ ਧਰ ਲਈ, 'ਪਰ ਆਪਾਂ ਨੂੰ ਕਦੇ ਨਈਂ ਟੱਕਰੀ ਰੋਟੀ, ਕਮਾ ਕੇ ਈ ਖਾਣੀ ਪੈਂਦੀ ਐ, ਭਲਾ ਏਹ ਲੰਗਰ

41 / 106
Previous
Next