ਰਹਿ ਕਿੱਥੇ ਜਾਂਦੇ...।
ਬਾਬੇ ਆਸੇ ਨੂੰ ਇਉਂ ਸੋਚਾਂ ਵਿੱਚ ਡੁੱਬੇ ਨੂੰ ਵੇਖ ਕੇ, ਬਲੋਰਾ ਪਾਣੀ ਨਾਲ ਮੂਕਾ ਭਿਉਂ ਕੇ, ਮੱਥੇ ਤੇ ਟਕੋਰ ਕਰਨ ਲੱਗ ਪਿਆ, 'ਬਾਬਾ ਲੰਗਰ ਤੇ ਭਵੇਂ ਚੱਲੀ ਜਾਂਦੇ ਐ, ਹੁਣ ਰੋਟੀ ਵੀ ਰੱਜੇ ਬੰਦੇ ਨੂੰ ਰਜਾਉਂਦੀ ਐ, ਭੁੱਖੇ ਨੂੰ ਤਾਂ ਜਾੜ੍ਹ ਦੀ ਦਾਬ ਹੇਠਾਂ ਦੇ ਕੇ ਫੁੜਕਾ ਦੇਂਦੀ ਐ, ਸੱਚ ਪੁੱਛੋਂ ਤਾਂ ਬਾਬਾ, ਰੋਟੀ ਬੰਦੇ ਨੂੰ ਖਾਣ ਲਾਪੀ ਐ, ਡਕਾਰ ਵੀ ਨਈਂ ਲੈਂਦੀ...’।
'ਏਹ ਤਾਂ ਖ਼ਰ ਹੈ, ਜੇੜ੍ਹਾ ਰੋਟੀ ਦੀ ਜਾੜ੍ਹ ਹੇਠਾਂ ਆ-ਜੇ, ਵਾਕੇ ਈ ਓਨੂੰ ਫੇਰ ਕੋਈ ਬਲਾ ਨਈਂ ਬਚਾ ਸਕਦੀ' ਬਾਬੇ ਆਸੇ ਨੇ ਸੂਰਜ ਦੇ ਸੀਹੇ ਵਿੱਚ ਖੂੰਡੇ ਤੇ ਲੱਗੇ, ਪਿੱਤਲ ਦੇ ਕੋਕੇ ਚਿਲ਼ਕਾਏ, "ਮਾੜੇ ਬੰਦੇ ਦੀ ਹਿੱਕ ਤੇ ਰੋਟੀ ਨਿਤ ਬਿੰਦੇ-ਬਿੰਦੇ ਵਾਰ ਕਰਦੀ ਐ'।
ਇਹ ਬੀਤੀ ਗੱਲ ਯਾਦ ਆਉਣ ਕਰਕੇ ਉਹਦਾ ਗਚ ਭਰ ਗਿਆ। ਕੋਈ ਹਾਸੇ ਖੇਡੇ ਵਾਲੀ ਗੱਲ ਕਰਕੇ ਖੁਦ ਨੂੰ ਹਸਾ ਲੈਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਉਹਨੇ ਰੋਅਬ ਨਾਲ ਅਕਾਸ਼ ਵੱਲ ਝਾਕ ਕੇ ਮੁੱਛ ਨੂੰ ਵੱਟ ਚਾੜਿਆ ਤਾਂ ਜੜ੍ਹਾਂ ਖਿੱਚਣ ਕਰਕੇ ਦੋ ਵਾਲ ਉੱਖੜ ਗਏ, ਤੇ ਬੋਲਿਆ, 'ਬਲੌਰਾ ਤੇਰੇ ਅਰਗੇ ਲੰਡੀ-ਬੁੱਚੀ ਮੂਹਰੇ ਨੀ ਹੱਥ ਅੱਡਦਾ..'।
ਉਹ ਕੰਨ ਤੇ ਹੱਥ ਰੱਖ ਕੇ ਜ਼ੋਰ ਨਾਲ ਹੇਕਾਂ ਲਾਉਣ ਲੱਗ ਪਿਆ, ਜੋ ਹੌਲੀ- ਹੌਲੀ ਲਲਕਾਰੇ ਵਿੱਚ ਬਦਲ ਗਈਆਂ। ਡੱਫ ਵਾਂਗ ਛਾਤੀ ਨੂੰ ਸੱਜੇ ਹੱਥ ਨਾਲ ਖੜਕਾਉਣ ਲੱਗਿਆ ਤਾਂ ਛਾਤੀ ਵਿੱਚੋਂ ਹੇਕ ਛਣਕ ਕੇ ਬਾਹਰ ਆਉਂਦੀ। ਖੱਬਾ ਹੱਥ ਉਵੇਂ ਈ ਕੰਨ ਤੇ ਧਰੀ ਰੱਖਿਆ ਸੀ।
ਇੰਨੇ ਅੰਗਰੇਜ਼ ਨੇ, ਤੌਲੀਏ ਨਾਲ ਢੂਹੀ ਨੂੰ ਰਗੜ ਕੇ ਪੂੰਜਦਾ ਹੋਇਆ, ਉਹਨੂੰ ਇੰਜ ਪੈਰਾਂ ਭਾਰ ਬੈਠਾ ਵੇਖ ਕੇ ਸੋਚਿਆ, 'ਬੰਸੀ ਸੀਰੀ ਹਟਾ ਕੇ ਤਾਂ ਚੰਗਾ ਈ ਕਰਿਆ, ਨਿਰੀ ਪੈਸਿਆਂ ਦੀ ਖਾਓ ਈ ਸੀ ਚਵਲ, ਸਾਰਾ ਕੰਮ ਤਾਂ ਬਲੌਰਾ ਈ ਸਾਂਭੀ ਜਾਂਦੈ, ਦੋਆਂ ਬੰਦਿਆਂ ਜਿੰਨਾ ਕੰਮ ਕਰਦੈ, ਚਾਰ ਘੁੰਮਾ ਪੰਚੈਤੀ ਪੈਲੀ ਐਤਕੀਂ ਠੇਕੇ ਤੇ ਹੋਰ ਨਾ ਲੈ ਲਈਏ' ਸੋਚਾਂ ਨਾਲ ਸਖ਼ਤ ਹੋਏ ਚਿਹਰੇ ਨੂੰ ਖੁਸ਼ੀ ਨਾਲ ਪੋਲਾ ਜਿਹਾ ਕਰਕੇ ਪੁੱਛਿਆ, 'ਖੈਰ-ਸੁੱਖ ਐ ਬਈ'।
ਬਲੌਰੇ ਨੇ ਪੂਰੀ ਚੜ੍ਹਤ ਨਾਲ ਕਿਹਾ, 'ਕਾਟੋ ਫੁੱਲਾਂ ਤੇ ਖੇਡਦੀ ਐ, ਖੇਡ ਦੀ ਵੀ ਓਨਾ ਚੀਕ ਐ ਜਿੰਨਾ ਚਿਰ ਰੱਜੀ ਐ, ਜਦੋਂ ਭੁੱਖ ਲੱਗੀ ਫੇਰ ਤਾਂ ਬਾਗਾਂ ਦੇ ਬਾਗ ਚਰਜੂ ..'।
''ਬਲੌਰਿਆ ਆ ਬਚਨ ਕਿਉਂ ਸੀਲਣ ਆਲ਼ੇ ਹਲ਼ ਤੇ ਪੁੱਛ ਕੇ ਆ ਨਾ, ਵਾੜੇ ਚ ਪਏ ਐ, ਕੇ ਲੈ ਗਿਆ ਕੋਈ ਟਾਂਚ ਕੇ'।
'ਹੂੰ ਜਾਨਾਂ' ਗੋਢਿਆਂ ਤੇ ਹੱਥ ਰੱਖੇ ਬਿਨਾ ਈ ਉਠ ਕੇ ਖੜ੍ਹਾ ਹੋ ਗਿਆ ਤੇ ਪਟੇ ਨੂੰ ਆਂਟ ਲਾਉਣ ਵਾਲੀ ਸੋਟੀ ਚੱਕ ਕੇ ਘਰ ਨੂੰ ਤੁਰ ਪਿਆ। ਆਸੇ-ਪਾਸੇ ਬੈਠੇ ਜਨੌਰ ਉਹਦੇ ਦਾਣਿਆਂ ਨਾਲ ਬਣਾਏ ਚਿਹਰੇ ਨੂੰ ਚੁਗਣ ਲੱਗ ਪਏ।