ਸਿਮਰਨ ਦਾ ਨੂਰੀ ਖਿੜਿਆ ਬਾਗ਼
* ਪ੍ਰੋ. ਪੂਰਨ ਸਿੰਘ
1. ਸਾਡਾ "ਨਾਮ”
ਗੁਰੂ ਨਾਨਕ ਉਹ 'ਨਾਮ' ਹੈ, ਜਿਸ ਦਾ ਅਸੀਂ ਜਾਪ ਕਰਦੇ ਹਾਂ ਜਿਵੇਂ ਕਿ ਪੰਛੀ ਪਹੁ ਫੁਟਾਲੇ ਸਮੇਂ ਚਹਿਚਹਾ ਉਠਦੇ ਹਨ। ਗੁਰੂ ਨਾਨਕ, ਕਹਿੰਦੇ, ਅਸੀਂ ਲੰਘ ਜਾਂਦੇ ਹਾਂ। ਉਦੋਂ ਨਾ ਹੀ ਅਸੀਂ ਖੱਬੇ ਵੇਖਦੇ ਹਾਂ ਨਾ ਸੱਜੇ ਸਾਡੇ ਬੁਲ੍ਹ ਨਾਮ ਦੀ ਸ਼ਹਿਦ ਨਾਲ ਜੁੜੇ ਹੁੰਦੇ ਹਨ, ਸਾਡੇ ਨੈਣ ਗੁਰੂ-ਮਨ ਦੇ ਮਹਾਨ, ਸੁੱਚੇ ਸੱਚੇ ਸੰਸਾਰ ਦੇ ਸੁਪਨੇ ਨਾਲ ਨਸ਼ਿਆਏ ਹੁੰਦੇ ਹਨ। ਅਸੀਂ ਜੀਵਨ-ਮੰਤਰ ਨੂੰ ਮਸ਼ੀਨ ਵਾਂਗ ਗੁਨਗੁਨਾਂਦੇ ਜਾਂਦੇ ਹਾਂ ਅਤੇ ਅਸੀਂ ਲੋਕਾਂ ਦੇ ਦਿਲਾਂ ਅਤੇ ਵਸਤਾ ਤੋਂ ਪ੍ਰਭਾਵਤ ਹੋਏ ਬਿਨਾਂ ਅਤੇ ਕਿਸੇ ਨੂੰ ਦੁਖੀ ਕੀਤੇ ਬਿਨਾਂ ਹੀ ਲੰਘ ਜਾਂਦੇ ਹਾਂ, ਅਸੀਂ ਕੁਲ ਆਲਮ ਦੇ ਰਕਤ ਵਿਚ ਇਕ ਚੰਗੇ ਵਿਚਾਰ ਵਾਂਗ ਹਲੂਲ ਕਰਦੇ ਜਾਂਦੇ ਹਾਂ, "ਨਾਮ"। "ਨਾਮ"!
ਜਿਵੇਂ ਬੱਚਾ ਆਪਣੀ ਮਾਂ ਨੂੰ ਜਾਣਦਾ ਹੈ ਅਤੇ ਬੱਸ, ਅਸੀਂ ਵੀ ਆਪਣੇ ਨਾਮ ਨੂੰ ਜਾਣਦੇ ਹਾਂ ਅਤੇ ਬੱਸ। ਉਹ ਬੱਚੇ ਨੂੰ ਪੁਛਦੇ ਹਨ, ਰੱਬ ਕੀ ਹੈ ਅਤੇ ਕਿੱਥੇ ਹੈ? ਬੱਚਾ ਕਿਵੇਂ ਬੋਲ ਸਕਦਾ ਹੈ? ਬੱਚਾ ਹਸਦਾ ਹੈ। ਬੱਚੇ ਨੇ ਅਜੇ ਨਾ ਭਾਸ਼ਾ ਸਿੱਖੀ ਹੈ ਅਤੇ ਨਾ ਹੀ ਵਿਚਾਰ। ਤੁਸੀਂ ਖੁਦਾ ਵਿਚ ਵਿਸ਼ਵਾਸ ਰੱਖਦੇ ਹੋ ਜਾਂ ਨਹੀਂ? ਇਹਅਤੇ ਉਹ ਕਹੇ ਅਸ਼ਿਸ਼ਟ ਸਵਾਲ ਹਨ। ਇੰਨਾ ਹੀ ਕਾਫ਼ੀ ਹੈ, ਗੁਰੂ ਦੀ ਬੁਕਲ ਵਿਚ ਮੈਂ ਲੁਕਿਆ ਹੋਇਆ ਹਾਂ ਅਤੇ ਮੈਨੂੰ ਅਜ਼ਲੀ ਖ਼ੁਸ਼ੀ ਪ੍ਰਾਪਤ ਹੈ, ਜਿਸ ਪਾਸ ਇਨ੍ਹਾਂ ਸਵਾਲਾਂ ਲਈ ਕੋਈ ਉੱਤਰ ਨਹੀਂ।