*
ਕਿਸਮਤ ਰੱਬ ਅਵੱਲੀ ਦਿੱਤੀ
ਕਸਮੇਂ ਮੱਲੋ ਮੱਲੀ ਦਿੱਤੀ
ਦਿੱਤੀ ਸੱਜਣਾ ਪਿਆਰ ਨਿਸ਼ਾਨੀ
ਹੋਰ ਕਿਸੇ ਦੀ ਘੱਲੀ ਦਿੱਤੀ
ਓਹਦੇ ਵੱਲੋਂ ਆਪਣੇ ਦਿਲ ਨੂੰ
ਸਾਰੀ ਉਮਰ ਤਸੱਲੀ ਦਿੱਤੀ
ਵੇਲ਼ੇ ਦਾ ਪੱਛ ਬੰਨਣ ਦੇ ਲਈ
ਚੁੰਨੀ ਪਾੜਕੇ ਟੱਲੀ ਦਿੱਤੀ
ਅੱਜ ਵੀ ਇਕ ਮਜਬੂਰ ਨੇ ਦਾਜ 'ਚ
ਹਰ ਸ਼ੈਅ ਕੱਲ੍ਹੀ ਕੱਲ੍ਹੀ ਦਿੱਤੀ
ਹਰ ਵੇਲ਼ੇ ਦੀ ਦਿਲ ਕਮਲ਼ੇ ਨੂੰ
ਰੱਬਾ ਕਿਉਂ ਤਰਥੱਲੀ ਦਿੱਤੀ
ਰੀਝਾਂ ਜੋੜਕੇ ਰੰਗ ਬਿਰੰਗੀਆਂ
'ਬੁਸ਼ਰਾ' ਮਾਂ ਨੇ ਰੱਲੀ ਦਿੱਤੀ