

*
ਦੁੱਖਾਂ ਦੀ ਹੜਤਾਲ਼ ਏ ਅੱਜ-ਕੱਲ੍ਹ ਹੈਰਤ ਏ
ਸੁੱਖ ਬਣਿਆਂ ਘੜਿਆਲ ਏ ਅੱਜ-ਕੱਲ੍ਹ ਹੈਰਤ ਏ
ਹਰ ਬੰਦੇ ਦੇ ਕੋਲ਼ ਏ ਹਾਸਾ ਹੱਸਣ ਲਈ
ਫਿਰ ਵੀ ਉਹ ਬੇ-ਹਾਲ ਏ ਅੱਜ-ਕੱਲ੍ਹ ਹੈਰਤ ਏ
ਜਿਹੜਾ ਸਾਨੂੰ ਦੂਰੋਂ ਵੇਖਕੇ ਰਾਜ਼ੀ ਨਈਂ ਸੀ
ਉਹ ਵੀ ਸਾਡੇ ਨਾਲ਼ ਏ ਅੱਜ-ਕੱਲ੍ਹ ਹੈਰਤ ਏ
ਝੂਠਾ ਲੁੱਚਾ ਹਰ ਥਾਂ ਸਭ ਤੋਂ ਉੱਚਾ ਏ
ਸੱਚ ਕਹਿਣਾ ਵੀ ਗਾਲ੍ਹ ਏ ਅੱਜ-ਕੱਲ੍ਹ ਹੈਰਤ ਏ
ਕੱਲ੍ਹ ਤੱਕ ਦਾਲ 'ਚ ਕਾਲ਼ਾ ਸੁਣਦੇ ਹੁੰਦੇ ਸੀ
ਕਾਲ਼ੀ ਸਾਰੀ ਦਾਲ਼ ਏ ਅੱਜ-ਕੱਲ੍ਹ ਹੈਰਤ ਏ