

*
ਜੀਅ ਕਰਦਾ ਏ ਉੱਚੀ ਉੱਚੀ ਰੋਵਾਂ ਮੈਂ
ਕੋਈ ਨਾ ਹੋਵੇ ਤੂੰ ਹੋਵੇਂ ਜਾਂ ਹੋਵਾਂ ਮੈਂ
ਆਪਣੇ ਆਪ 'ਚ ਲੁਕਿਆ ਉਹਨੂੰ ਵੇਖਣ ਲਈ
ਮੁੜ ਮੁੜ ਸ਼ੀਸ਼ੇ ਮੂਹਰੇ ਆਣ ਖਲੋਵਾਂ ਮੈਂ
ਲੋਕੀਂ ਮੈਨੂੰ ਅੱਧੀ ਪਾਗਲ ਕਹਿੰਦੇ ਨੇ
ਹੋ ਸਕਦਾ ਏ ਪੂਰੀ ਪਾਗਲ ਹੋਵਾਂ ਮੈਂ
ਮੈਨੂੰ ਕੋਲ਼ ਬਿਠਾ ਕੇ ਮੈਨੂੰ ਲੱਭਿਆ ਕਰ
ਤੇਰਿਆਂ ਹੁੰਦਿਆਂ ਹੋਇਆਂ ਕਿਵੇਂ ਹੋਵਾਂ ਮੈਂ
ਕਦ ਤੱਕ ਜਾਗਾਂ ਅੱਖਾਂ ਮੀਟ ਕੇ ਦੁਨੀਆਂ ਵਿਚ
ਕਦ ਤੱਕ 'ਬੁਸ਼ਰਾ’ ਅੱਖਾਂ ਖੋਲ੍ਹ ਕੇ ਸੌਂਵਾਂ ਮੈਂ