

*
ਮੰਨ ਗਈ ਆਂ ਮੈਂ ਦੁੱਖਾਂ ਦੀ ਹੁਸ਼ਿਆਰੀ ਨੂੰ
ਘੇਰ ਲਿਆ ਏ ਵੇਖਕੇ ਕੱਲੀ ਕਾਹਰੀ ਨੂੰ
ਪਿਆਰ ਦੇ ਨਾਂ ਤੇ ਖੇਡਾਂ ਖੇਡੀ ਜਾਂਦਾ ਏ
ਦਿਲ ਦੇ ਬੈਠੀ ਆਂ ਮੈਂ ਕੇਸ ਮਦਾਰੀ ਨੂੰ
ਇਕ ਦਿਨ ਮੈਨੂੰ ਚੇਤੇ ਕਰ ਕਰ ਰੋਵੇਂਗਾ
ਠੋਕਰ ਮਾਰਕੇ ਆਈ ਸਾਂ ਸਰਦਾਰੀ ਨੂੰ
ਤੇਰੇ ਵਰਗਾ ਦੂਜਾ ਲੱਭਣ ਟੁਰ ਪਈ ਆਂ
ਪੜ੍ਹਨੇ ਪਾ ਦਿੱਤਾ ਏ ਅੱਖ ਵਿਚਾਰੀ ਨੂੰ
ਆਪਣੇ ਆਪ ਨੂੰ ਲਿਖ ਲਿਖ ਚੁੱਕੇ ਸਾਂਭੇ ਨੇ
ਪਾਗਲ ਕਰ ਛੱਡਿਆ ਏ ਮੈਂ ਅਲਮਾਰੀ ਨੂੰ
ਓਹਨੇ ਪਰਤ ਕੇ ਆਉਣ ਦਾ ਵਾਅਦਾ ਕੀਤਾ ਸੀ
ਵੇਖੀ ਜਾਵਾਂ ਆਉਂਦੀ ਜਾਂਦੀ ਲਾਰੀ ਨੂੰ