

*
ਜਿਹੜੀ ਅੱਖ ਨੇ ਸੱਜਣਾ ਮੈਨੂੰ ਵੇਖ ਲਿਆ
ਓਹ ਇਹ ਸਮਝੇ ਓਹਨੇ ਤੈਨੂੰ ਵੇਖ ਲਿਆ
ਦਿਲ ਵਿਚ ਚੁਭੀ ਪੈਰ 'ਚ ਚੁਭਣ ਵਾਲ਼ੀ ਸ਼ੈਅ
ਇਸ਼ਕ 'ਚ ਕਾਹਨੂੰ ਮੈਂ ਕੰਡੇ ਨੂੰ ਵੇਖ ਲਿਆ
ਮਾਂ ਨੇ ਪੁੱਛਿਆ ਅੰਨ੍ਹੀ ਹੋਈ ਫਿਰਨੀ ਏ
ਕਿਵੇਂ ਦੱਸਾਂ ਅੱਜ ਮੈਂ ਕੀਹਨੂੰ ਵੇਖ ਲਿਆ
ਆਪਣੇ ਆਪ ਨੂੰ ਕੋਝਾ ਜਾਣਕੇ ਲੁਕਦੀ ਰਹੀ
ਚੰਗਾ ਹੋਇਆ ਓਹਨੇ ਮੈਨੂੰ ਵੇਖ ਲਿਆ
ਖ਼ਬਰੇ ਕੀ ਬਣਨਾ ਏ ਮੇਰੀਆਂ ਅੱਖੀਆਂ ਦਾ
ਜਿਸ ਦਿਨ ਇਹਨਾ ਸੱਚੀ ਤੈਨੂੰ ਵੇਖ ਲਿਆ
ਕਿੱਥੇ ਰੱਖ ਬੈਠੀ ਆਂ ਆਪਣੇ ਆਪ ਨੂੰ ਮੈਂ
'ਬੁਸ਼ਰਾ' ਘਰ ਦੇ ਹਰ ਖੂੰਜੇ ਨੂੰ ਵੇਖ ਲਿਆ।