

*
ਅੱਧ ਵਿਚਕਾਰੇ ਛੱਡ ਜਾਣਾ ਕੋਈ ਯਾਰੀ ਤੇ ਨਈਂ
ਏਸ 'ਤੇ ਖੁਸ਼ ਨਾ ਹੋਵੀਂ ਇਹ ਫ਼ਨਕਾਰੀ ਤੇ ਨਈਂ
ਵਿਹਲ ਮਿਲ਼ੇ ਤੇ 'ਕੱਲਿਆਂ ਬਹਿ ਕੇ ਗ਼ੌਰ ਕਰੀਂ ਤੂੰ
ਤੇਰਾ ਲਹਿਜ਼ਾ ਤੇਰੀ ਸੋਚ ਬਾਜ਼ਾਰੀ ਤੇ ਨਈਂ
ਗੱਲ ਗੱਲ ਉੱਤੇ ਸਾਂਝਾ ਵੱਢ ਕੇ ਸੁੱਟ ਦਿੰਨਾ ਏ
ਤੇਰੇ ਮੂੰਹ ਵਿਚ ਲੱਗੀ ਕੋਈ ਆਰੀ ਤੇ ਨਈਂ
ਸਾਡੇ ਵਰਗਾ ਹੋਣ ਦਾ ਦਾਅਵਾ ਨਾ ਕਰਿਆ ਕਰ
ਸਾਡੇ ਵਰਗੀ ਝੱਲਿਆ ਦੁਨੀਆਂ ਸਾਰੀ ਤੇ ਨਈਂ
ਨਫ਼ਰਤ ਦਾ ਪਰਚਾਰ ਓਹ 'ਬੁਸ਼ਰਾ' ਕਿਉਂ ਕਰਦਾ ਏ
ਕਿਧਰੇ ਨਾਲ ਸ਼ੈਤਾਨ ਦੇ ਓਹਦੀ ਯਾਰੀ ਤੇ ਨਈਂ