

*
ਅੰਬਾਂ ਦੀ ਵਾੜ ਵੱਢ ਕੇ ਅੱਕਾਂ ਨੂੰ ਲਾ ਦਵਾਂ
ਚੁੰਨੀ ਕਰੇਪ ਦੀ ਕਿਵੇਂ ਕਿੱਕਰਾਂ ਤੇ ਪਾ ਦਵਾਂ
ਮੰਨਿਆਂ ਮੇਰੀ ਮਜਾਲ ਨਈਂ ਦਿਲ ਦਾ ਖ਼ਿਆਲ ਏ
ਰੱਬਾ ਤੇਰੇ ਜਹਾਨ ਨੂੰ ਚੁੱਲ੍ਹੇ 'ਚ ਡਾਹ ਦਵਾਂ
ਮਰਜ਼ੀ ਮੇਰੀ ਮੈਂ ਜੇਸਨੂੰ ਰੱਖਾਂ ਸੰਭਾਲ ਕੇ
ਮਰਜ਼ੀ ਮੇਰੀ ਮੈਂ ਜੇਸਨੂੰ ਚਾਹਵਾਂ ਭੁਲਾ ਦਵਾਂ
ਦਿਲ ਏ ਘੁਮਾ ਕੇ ਕੰਧ 'ਚ ਮਾਰਾਂ ਕਿਸੇ ਦੀ ਆਸ
ਆਹੋ ਤੇ ਕਿਉਂ ਨਾ ਪਿਆਰ ਦਾ ਕਿੱਸਾ ਮੁਕਾ ਦਵਾਂ
ਲਿਖਕੇ ਕਿਸੇ ਨੇ ਲਾਲ ਸਿਆਹੀ ਨਾਲ ਭੇਜਿਆ
'ਬੁਸ਼ਰਾ’ ਮੈਂ ਦਿਲ ਦੀ ਆਸ ਨੂੰ ਸੂਲੀ ਚੜ੍ਹਾ ਦਵਾਂ