

*
ਜੀਹਨੂੰ ਮੂੰਹ ਤੇ ਜਿੰਦਰੇ ਲਾਉਣੇ ਨਈਂ ਆਉਂਦੇ
ਓਹਨੂੰ ਕੀਤੇ ਕੌਲ਼ ਨਿਭਾਉਣੇ ਨਈਂ ਆਉਂਦੇ
ਤੈਨੂੰ ਕਿਸੇ ਤੋਂ ਰੁੱਸਣ ਦਾ ਹੱਕ ਹਾਸਿਲ ਨਈਂ
ਤੈਨੂੰ ਰੁੱਸੇ ਯਾਰ ਮਨਾਉਣੇ ਨਈਂ ਆਉਂਦੇ
ਓਹਨੂੰ ਸੱਚਾ ਪਿਆਰ ਕਦੇ ਨਈਂ ਮਿਲ ਸਕਦਾ
ਜੀਹਨੂੰ ਪਿਆਰ 'ਚ ਫ਼ਰਕ ਮਿਟਾਉਣੇ ਨਈਂ ਆਉਂਦੇ
ਮੈਂ ਉਸ ਦਿਨ ਨੂੰ ਖੁਸ਼ੀ 'ਚ ਸ਼ਾਮਿਲ ਨਈਂ ਕਰਦੀ
ਜਿਸ ਦਿਨ ਚੇਤੇ ਦੁੱਖ ਪੁਰਾਣੇ ਨਈਂ ਆਉਂਦੇ
ਤੇਰੇ ਮਹਿਲਾਂ ਤੋਂ ਕਿਉਂ ਸੜੀਏ ਸਾਨੂੰ ਤੇ
ਪੰਖੂਆਂ ਦੇ ਵੀ ਆਲ੍ਹਣੇ ਢਾਹੁਣੇ ਨਈਂ ਆਉਂਦੇ
ਅੰਦਰੋਂ ਬਾਹਰੋਂ ਇਕੋ ਜਿਹੇ ਆਂ ਸਭ ਦੇ ਲਈ
‘ਬੁਸ਼ਰਾ' ਸਾਨੂੰ ਭੇਸ ਵਟਾਉਣੇ ਨਈਂ ਆਉਂਦੇ