

*
ਭਾਗ ਭਰੀ ਇਸ ਮਿੱਟੀ ਨੂੰ ਅਕਸੀਰ ਬਣਾਵਣ ਵਾਲ਼ੇ
ਸੁੱਤੇ ਪਏ ਨੇ ਧਰਤੀ ਦੀ ਤਕਦੀਰ ਜਗਾਵਣ ਵਾਲ਼ੇ
ਹੁਣ ਨਾ ਬੁਢੜੇ ਬੋਹੜਾਂ ਥੱਲੇ ਰੌਣਕ ਮੇਲੇ ਲੱਗਦੇ
ਹੁਣ ਨਾ ਦਿਸਦੇ ਵਾਰਿਸ ਸ਼ਾਹ ਦੀ ਹੀਰ ਸੁਣਾਵਣ ਵਾਲ਼ੇ
ਮਾਂ ਬੋਲੀ ਪੰਜਾਬੀ ਦਾ ਏ ਚਿਹਰਾ ਬੁਝਿਆ ਬੁਝਿਆ
ਕਿੱਥੇ ਗਏ ਓਹ ਖ਼ਾਬਾਂ ਦੀ ਤਸਵੀਰ ਵਖਾਵਣ ਵਾਲ਼ੇ
ਇਕ ਦੂਜੇ ਵੱਲ ਵੇਖ ਰਹੇ ਨੇ ਲੈ ਕੇ ਫੱਟੜ ਜੁੱਸੇ
ਗਏ ਸਮੇਂ ਵਿਚ ਅਸਮਾਨਾਂ ਵੱਲ ਤੀਰ ਚਲਾਵਣ ਵਾਲ਼ੇ
ਮੈਨੂੰ ਪੱਕ ਏ ਇਕ ਨਾ ਇਕ ਦਿਨ ਹੰਭਲਾ ਮਾਰ ਉੱਠਣਗੇ
ਨੁੱਕਰਾਂ ਦੇ ਵਿਚ ਮੂੰਹ ਦੇ ਦੇ ਕੇ ਨੀਰ ਵਗਾਵਣ ਵਾਲ਼ੇ