

*
ਚੁੱਪ ਗਲ਼ੀਆਂ ਤੇ ਸੁੰਝ ਚੁਬਾਰੇ ਅੱਧੀ ਰਾਤ ਤੇ ਮੈਂ
ਓਹਦੀਆਂ ਰਾਹਵਾਂ ਤੱਕ ਤੱਕ ਹਾਰੇ ਅੱਧੀ ਰਾਤ ਤੇ ਮੈਂ
ਆਵੇ ਜਾਂ ਨਾ ਆਵੇ ਮਰਜ਼ੀ ਆਵਣ ਵਾਲ਼ੇ ਦੀ
ਸੋਚੀਂ ਪਏ ਬੇਕਾਰ ਵਿਚਾਰੇ ਅੱਧੀ ਰਾਤ ਤੇ ਮੈਂ
ਬੇ-ਸ਼ੱਕ ਕੰਮ ਬੜਾ ਔਖਾ ਏ ਤਾਂਘ ਉਡੀਕ ਕਿਸੇ ਦੀ
ਕੀ ਕਰਦੇ ਨਾ ਗਿਣਦੇ ਤਾਰੇ ਅੱਧੀ ਰਾਤ ਤੇ ਮੈਂ
ਇਕ ਉਡੀਕ ਸਹਾਰਾ ਸੀ ਜਦ ਉਹ ਵੀ ਜਾਂਦੀ ਰਹੀ
ਆਖ਼ਰ ਮਰ ਗਏ ਕੱਲ੍ਹੇ ਕਾਹਰੇ ਅੱਧੀ ਰਾਤ ਤੇ ਮੈਂ
ਓਸ ਜ਼ਾਲਮ ਨੂੰ ਵਿਹਲ ਕਦੋਂ ਸੀ ਏਨਾ ਸੋਚ ਲਵੇ
ਕਰਦੇ ਹੋਣਗੇ ਕਿੰਝ ਗੁਜ਼ਾਰੇ ਅੱਧੀ ਰਾਤ ਤੇ ਮੈਂ
ਓਹਨੇ ਆਉਣ ਦਾ ਵਾਅਦਾ ਭੁੱਲਕੇ ਰਾਤ ਲੰਘਾਈ ਸੀ
ਬੁੱਕ ਬੁੱਕ ਰੋਏ ‘ਨਾਜ਼' ਦੇ ਬਾਰੇ ਅੱਧੀ ਰਾਤ ਤੇ ਮੈਂ