

*
ਪੁੱਛਣ ਲੋਕ ਨਿਮਾਣੇ ਰੱਬਾ
ਸੌਖੇ ਦਿਨ ਕਦ ਆਣੇ ਰੱਬਾ
ਜੇ ਮਜ਼ਦੂਰੀ ਪੂਰੀ ਲੱਭੇ
ਕਾਹਨੂੰ ਰੋਣ ਨਿਆਣੇ ਰੱਬਾ
ਮੁੜ ਮੁੜ ਕਾਹਨੂੰ ਉੱਗਰ ਜਾਂਦੇ
ਲੱਗੇ ਫੱਟ ਪੁਰਾਣੇ ਰੱਬਾ
ਹਾਕਮ ਨੂੰ ਤੌਫ਼ੀਕ ਅਤਾ ਕਰ
ਸਾਡਾ ਰੋਗ ਪਛਾਣੇ ਰੱਬਾ
ਅਸੀਂ ਆਂ ਤੇਰੇ ਸਾਦੇ ਬੰਦੇ
ਲੋਕੀਂ ਬਹੁਤ ਸਿਆਣੇ ਰੱਬਾ
ਮਾੜੇ ਦੀ ਕੋਠੀ ਵੀ ਭਰਦੇ
ਬਹੁਤੇ ਸਾਰੇ ਦਾਣੇ ਰੱਬਾ
'ਬੁਸ਼ਰਾ' ਵਾਂਗ ਸਭ ਨੂੰ ਆਵਣ
ਕੀਤੇ ਕੌਲ਼ ਨਿਭਾਣੇ ਰੱਬਾ