

*
ਦਿਲ ਲਾਣਾ ਤੇ ਮੁੱਖ ਪਰਤਾਣਾ ਚੰਗੀ ਗੱਲ ਨਈਂ
ਗੂੜ੍ਹੀਆਂ ਸੰਗਤਾਂ ਇੰਝ ਭੁਲਾਣਾ ਚੰਗੀ ਗੱਲ ਨਈਂ
ਮੰਨਿਆਂ ਤੇਰੇ ਰੁਤਬੇ ਦੇ ਨਈਂ ਪਰ ਇਨਸਾਨ ਆਂ
ਸਾਨੂੰ ਨੀਵੀਂ ਥਾਂ ਬਿਠਾਣਾ ਚੰਗੀ ਗੱਲ ਨਈਂ
ਪਿਆਰ ਦੇ ਵਿਚ ਵੀ ਪਰਦਾਦਾਰੀ ਰੱਖੀਦੀ ਏ
ਰੋਜ਼ ਹੀ ਸੁਪਨੇ ਵਿਚ ਆ ਜਾਣਾ ਚੰਗੀ ਗੱਲ ਨਈਂ
ਆਪਣੀ ਪੱਗ ਨੂੰ ਦਾਗ ਨਾ ਲੱਗੇ ਚੰਗੀ ਗੱਲ ਏ
ਪਰ ਲੋਕਾਂ ਦੇ ਸ਼ਮਲੇ ਢਾਹਣਾ ਚੰਗੀ ਗੱਲ ਨਈਂ
ਪਿਆਰ ਦੇ ਦਾਅਵੇ ਜੇ ਸਾਡੇ ਨਾਲ ਕਰਨਾ ਏ ਤੇ
ਫੋਟੋ ਹੋਰਾਂ ਨਾਲ ਖਿਚਾਣਾ ਚੰਗੀ ਗੱਲ ਨਈਂ
ਸੁਣਨ ਸੁਣਾਨ ਦਾ ਚੱਜ ਨਾ ਹੋਵੇ ਜਿੱਥੇ 'ਬੁਸ਼ਰਾ'
ਉੱਥੇ ਆਪਣੇ ਸ਼ਿਅਰ ਸੁਨਾਣਾ ਚੰਗੀ ਗੱਲ ਨਈਂ