*
ਟੁੱਟੇ ਦਿਲ ਦੀ ਹਾਕ ਨਈਂ ਸੁਣਦਾ
ਓਹ ਸ਼ਾਹੇ-ਅਫ਼ਲਾਕ ਨਈਂ ਸੁਣਦਾ
ਦੁਨੀਆਂ ਦੁੱਖੜੇ ਸੁਣ ਲੈਂਦੀ ਏ
ਪਰ ਓਹੋ ਚਾਲਾਕ ਨਈਂ ਸੁਣਦਾ
ਜਿੰਨਾ ਮਰਜ਼ੀ ਰੋਲ਼ਾ ਪਾਵੇ
ਦਿਲ ਦੀ ਗੱਲ ਇਦਰਾਕ ਨਈਂ ਸੁਣਦਾ
ਵੈਸੇ ਸਮਝੋ ਬਾਹਰ ਏ ਇਹ ਗੱਲ
ਕੁਜ਼ਾਗਰ ਦੀ ਚਾਕ ਨਈਂ ਸੁਣਦਾ
ਕੀ ਚਾਹੁੰਦਾ ਏ ਖੋਲ੍ਹਣ ਵਾਲ਼ਾ
ਬੂਹੇ ਲੱਗਾ ਲਾਕ ਨਈਂ ਸੁਣਦਾ
ਜਿੰਨੀਆਂ ਗੱਲਾਂ ਤੂੰ ਕਰਨਾ ਐਂ
ਏਨੀਆਂ ਗੱਲਾਂ ਗਾਹਕ ਨਈਂ ਸੁਣਦਾ
'ਬੁਸ਼ਰਾ' ਸਿੱਧੀ ਪੱਧਰੀ ਗੱਲ ਏ
ਨਾ-ਪਾਕਾਂ ਦੀ ਪਾਕ ਨਈਂ ਸੁਣਦਾ