

*
ਟੁੱਟ ਗਏ ਸੱਭੇ ਸਾਂਝ ਸਹਾਰੇ ਫੇਰ ਵੀ ਦੁੱਖ ਨਈਂ ਕੀਤਾ
ਛੱਡ ਕੇ ਟੁਰ ਗਏ ਸੱਜਣ ਪਿਆਰੇ ਫੇਰ ਵੀ ਦੁੱਖ ਨਈਂ ਕੀਤਾ
ਛੱਡ ਨਾ ਹੋਈ ਲੋਕਾਂ ਤੇ ਐਤਬਾਰ ਕਰਨ ਦੀ ਆਦਤ
ਝੱਲਦੇ ਰਹੇ ਆਂ ਨਿੱਤ ਖਸਾਰੇ ਫੇਰ ਵੀ ਦੁੱਖ ਨਈਂ ਕੀਤਾ
ਗੁਰਬਤ ਦੇ ਵਿਚ ਹੱਥ ਛੁਡਾ ਕੇ ਸਾਥੋਂ ਵੱਖਰੇ ਹੋ ਗਏ
ਮੁੜ ਨਈਂ ਆਏ ਯਾਰ ਨਕਾਰੇ ਫੇਰ ਵੀ ਦੁੱਖ ਨਈਂ ਕੀਤਾ
ਸੱਧਰਾਂ ਦਾ ਗਲ ਘੁੱਟ ਦਿੱਤਾ ਪਰ ਸ਼ਮਲੇ ਢਹਿਣ ਨਈਂ ਦਿੱਤੇ
ਪਿਆਰ ਦੀ ਬਾਜ਼ੀ ਜਿੱਤਕੇ ਹਾਰੇ ਫੇਰ ਵੀ ਦੁੱਖ ਨਈਂ ਕੀਤਾ
'ਬੁਸ਼ਰਾ' ਤੂੰ ਦਰਵੇਸ਼ਣੀ ਏਂ ਜਾਂ ਫਿਰ ਪੱਥਰ ਕੋਈ
ਕੀ ਕੁਝ ਸੁਣਿਆਂ ਆਪਣੇ ਬਾਰੇ ਫੇਰ ਵੀ ਦੁੱਖ ਨਈਂ ਕੀਤਾ