

*
ਤੂੰ ਏ ਉਸਤਾਕਾਰ ਨੀ ਜਿੰਦੇ
ਮੈਂ ਭੋਲ਼ੀ ਮੁਟਿਆਰ ਨੀ ਜਿੰਦੇ
ਥਾਂ ਥਾਂ ਤੋਂ' ਏ ਫੱਟੜ ਜੁੱਸਾ
ਤੇਰੇ ਹੱਥ ਕਟਾਰ ਨੀ ਜਿੰਦੇ
ਤੇਰੀ ਆਸ ਤੇ ਜੀਵਾਂ ਕਿਵੇਂ
ਨਈਂ ਤੇਰਾ ਐਤਬਾਰ ਨੀ ਜਿੰਦੇ
ਤੂੰ ਨਈਂ ਸਾਥ ਹਮੇਸ਼ਾ ਦੇਣਾ
ਕਾਹਦੇ ਕੌਲ ਕਰਾਰ ਨੀ ਜਿੰਦੇ
ਇਕ ਦਿਨ ਅਣਖ ਦਾ ਭਾਂਡਾ ਭੱਜਣਾ
ਇਕ ਦਿਨ ਹੋਣੀ ਹਾਰ ਨੀ ਜਿੰਦੇ
ਤੂੰ ਮੈਨੂੰ ਕੀ ਦੇ ਸਕਨੀ ਏ
ਤੂੰ ਤੇ ਆਪ ਉਧਾਰ ਨੀ ਜਿੰਦੇ
ਸਾਹ ਵਧਾ ਦੇ ਜੋ 'ਬੁਸ਼ਰਾ' ਦੇ
ਕੌਣ ਓਹ ਸ਼ਾਹੂਕਾਰ ਨੀ ਜਿੰਦੇ