[ਰਾਜੋ ਆਉਂਦੀ ਏ, ਇਕ ਹੱਥ ਵਿਚ ਟੁੱਟੀ ਜੇਹੀ ਪੀਹੜੀ ਤੇ ਦੂਜੇ ਵਿਚ ਵਲ- ਟੋਹੀ ਤੇ ਰੱਸੀ ਏ]
ਰਾਜੋ - ਜੈਲਿਆ ਵੇ, (ਵਾਜਾਂ ਮਾਰਦੀ ਏ) ਹਾ ਲਿਆਈਂ ਪਰ੍ਹਾਂ ਲੱਪ ਵੰਡ ਦੀ, ਢੱਗੀ ਅੱਗੇ ਸੁੱਟਾਂ ਤੇ ਵਿਚੋਂ ਦੋ ਧਾਰਾਂ ਕੱਢਾਂ, ਜੇ ਖਸਮਾਂ ਨੂੰ ਖਾਣੀ ਖਲੋਂਦੀ ਆ ਤੇ, ਝੱਖੜ ਤੇ ਝੁੱਲਿਆ ਈ ਰਹਿੰਦਾ ਏ। ਲੈ ਖਾਂ, ਅਜੇ ਪਾਥੀਆਂ ਵੀ ਪਥਕਣਾਂ ਵਿਚ ਓਦਾਂ ਈ ਲਿਆਉਣ ਵਾਲੀਆਂ ਪਈਆਂ ਹੋਈਆਂ ਨੇ । ਛੇਤੀ ਕਰੀਂ ਵੇ।
ਜੈਲਾ - ਨੀ ਮਾਂ, ਉਹ ਜਿਹੜਾ ਸੀ ਨਾ ਵੰਡ ਬਾਲਟੇ ਵਾਲਾ, ਉਹ ਤੇ ਭਾਊ ਨੇ ਦੁਪਹਿਰੇ ਈ ਕਿਸੇ ਦੀ ਘੋੜੀ ਨੂੰ ਚਟਾ ਦਿੱਤਾ ਸੀ। ਆਂਹਦਾ ਸੀ ਇਹ ਬੰਤੀ ਦਾ ਕੁਛ ਲਗਦਾ ਏ, ਏਨੇ ਈ ਮੇਰਾ ਸਾਰਾ ਕੰਮ ਕਰ ਸੁੱਟਣਾ, ਅੱਜ ਠਾਂਹ ਓਦਾਂ ਈ ਥਾਪੀ ਮਾਰਕੇ ਚੋ ਲਾ ਕਿ ।
ਰਾਜੋ - ਤੇ ਟੁੱਟ ਪੈਣਿਆਂ, ਪਠੋਰਿਆ, ਤੈਥੋਂ ਘੋੜੀ ਦਾ ਲੱਕ ਨਹੀਂ ਸੀ ਤੋੜੀਦਾ । (ਚੰਨਣ ਵੱਲ ਮੂੰਹ ਕਰ ਕੇ) ਏਨ ਨਜੰਮੇ ਨੇ ਤੇ ਸਾਡੇ ਕੱਖ ਚੁਣਾ ਦਿੱਤੇ ਨੇ । (ਜੈਲੇ ਨੂੰ) ਪਰ੍ਹਾਂ ਚਲਿਆ ਜਾਹ ਮੇਰੀਆਂ ਅੱਖਾਂ ਅੱਗੋਂ, ਹੂੰਝਾ ਆਉਣਿਆ, (ਵਾਜ ਮਾਰ ਕੇ) ਵੇ ਚੰਨਣਾ, ਪਰ੍ਹਾਂ ਲਿਆਈਂ ਵੇ ਮੁੱਠ ਸੂੜ੍ਹੇ ਦੀ ਭਾਨੋ ਕੇ ਘਰੋਂ, ਅੱਗੇ ਸੁੱਟਾਂ ਜੇ ਕਿਤੇ ਖਲੋਂਦੀ ਆ ਤੇ।