ਤੈਨੂੰ, ਫੇਰ ਭਾਵੇਂ ਡੋਲ੍ਹ ਈ ਦੇਈਂ, ਧਰਮ ਨਾਲ ਬਹੁਤਾ ਤੇ ਨਹੀਂ, ਫੜ ਤੇ ਲਾ, ਫੇਰ ਠੰਢਾ ਹੋ ਜਾਣਾ ਈ, ਹਾਏ ਰੱਬਾ, ਊਂ......ਊਂ.... (ਉੱਚੀ ਉੱਚੀ ਰੋਣ ਲੱਗਦਾ ਏ)
ਮਹਿੰਗਾ - (ਛੇਤੀ ਨਾਲ ਚੰਨਣ ਨੂੰ ਅਰਕ ਮਾਰ ਕੇ) ਹੋਸ਼ ਕਰ ਉਏ ਹੋਸ਼ ਕਰ । ਉਏ ਚੰਨੂੰ, ਉਏ ਚੰਨਿਆ।
[ਰੌਲਾ ਸੁਣ ਕੇ ਸਾਰੇ ਅੱਬੜਵਾਏ ਉੱਠ ਖਲੋਂਦੇ ਨੇ]
ਚੰਨਣ - (ਛੇਤੀ ਨਾਲ) ਕਿੱਥੇ ਆ ? ਕਉਣ ਸੀ ?
ਈਸ਼ਰ - (ਹੱਸ ਕੇ) ਉਏ ਰੋ ਕਿਉਂ ਪਿਆ ਸਾਂ ? ਸਗੋਂ ਗੁਰਜਾਂ ਵਾਲੇ ਦਿੱਸੇ ਸੀੳ ?
ਚੰਨਣ - (ਅੱਖਾਂ ਮਲਦਾ ਹੋਇਆ) ਮੈਨੂੰ ਤੇ ਯਾਰ ਐਵੇਂ ਭਖਾਲ ਜਿਹਾ ਆਇਆ ਸੀ, ਦਬਾ ਜਿਹਾ ਪੈ ਗਿਆ ਸੀ । ਐਦਾਂ ਜਾਪਿਆ ਜਿੱਦਾਂ ਮੈਂ ਦੁੱਧ ਦਾ ਗਲਾਸ ਲੈ ਕੇ ਜਾਂਦਾ, ਤੇ ਅਗੋਂ ਬੰਤੀ ਆਂਹਦੀ ਆ, ਮੈਂ ਨਹੀਂ ਪੀਣਾ, ਅਖੇ ਤੂੰ ਵਿੱਚ ਖੰਡ ਬਹੁਤੀ ਖੋਰ ਲਿਆਇਆਂ, ਤੁਸੀਂ ਜਾਗਦੇ ਸੋ ?
[ਇਸ ਵੇਲੇ ਪਿੰਡ ਦੇ ਮੁੰਡੇ ਵੀ ਤਿਆਰ ਹੋ ਕੇ ਆ ਜਾਂਦੇ ਨੇ]
ਮਹਿੰਗਾ - ਛੈਣੇ ਈਸ਼ਰਾ, ਰੱਖ ਲਾ ਡੱਬ ਵਿੱਚ ਤੇ ਢੋਲਕੀ ਫੜਾ ਦੇ ਵੱਸਣ ਨੂੰ ਤੇ ਦੁੱਜੀ ਗੱਲ ਨਾ ਕਰੋ ਹੁਣ । ਤੇ ਕੇਹੜੇ ਰਾਹ ਪੈਣਾ ਜੇ ?