(ਹ)
ਦਫਤਰਾਂ ਦੇ ਦਫਤਰ ਲਿਖਣ ਨਾਲ ਨਹੀਂ ਹੋ ਸਕਦੇ। ਸੰਤਰੇਨ ਸਿੰਘ ਜੀ ਨੇ ਇਸ ਹਥਿਆਰ ਨੂੰ ਬਹੁਤ ਸੋਹਣੀ ਤਰ੍ਹਾਂ ਵਰਤਿਆ ਹੈ। ਆਮ ਤੌਰ ਤੇ ਪੰਜਾਬੀਆਂ ਦੇ ਸੁਭਾ ਵਿਚ ਹਾਸਾ ਖੇਡਾ ਬਹੁਤ ਹੈ ਪਰ ਇਨ੍ਹਾਂ ਦੀ ਸਾਹਿਤ ਅਜੇ ਤੀਕ ਸੰਜੀਦਾ ਤੇ ਪਕੇ ਮੂੰਹ ਵਾਲੀ ਹੀ ਹੈ, ਕਿਤੇ ਕੋਈ ਹਲਕੀ ਜਹੀ ਮੁਸਕਰਾਹਟ ਆ ਗਈ ਹੋਵੇ ਤਾਂ ਪਤਾ ਨਹੀਂ।
ਹੁਣ ਮੈਂ ਇਲਮੀ ਬੋਲੀ ਵਿਚ ਪ੍ਰਗਟ ਕੀਤੇ ਅਪਣੇ ਸੰਜੀਦਾ ਵਿਚਾਰਾਂ ਨੂੰ ਲਮਕਾ ਕੇ ਪਾਠਕਾਂ ਨੂੰ ਬਹੁਤਾ ਰੋਕਣਾ ਨਹੀਂ ਚਾਹੁੰਦਾ। ਹੁਣ ਮੈਂ ਚਾਹੁੰਦਾ ਹਾਂ ਕਿ ਉਹ ਧਰਤੀ ਦੇ ਅਤ ਨੇੜੇ ਵਸਣ ਵਾਲੇ ਪੇਂਡੂੰਆਂ ਦੇ ਜੀਵਨ ਨਾਲ ਜੀਊ ਕੇ ਅਤੇ ਉਨ੍ਹਾਂ ਦੀਆਂ ਸਰਲ ਪੇਂਡੂ ਗੱਲਾਂ ਅਤੇ ਉਂਦੂ ਵੀ ਸਰਲ ਗੀਤਾਂ ਦੇ ਖਿਰਨ-ਜਾਲ ਵਿਚ ਦੋ ਘੜੀਆਂ ਲਈ ਗਵਾਚ ਕੇ ਸ਼ਹਿਰਾਂ ਦੀ ਅਤ ਕੋਝੀ ਤੇ ਬਨਾਉਟੀ ਜਿੰਦਗੀ ਤੋਂ ਛੁਟਕਾਰਾ ਪਾਉਣ।
ਮੋਹਨ ਸਿੰਘ
ਖ਼ਾਲਸਾ ਕਾਲਜ, ਅੰਮ੍ਰਿਤਸਰ
ਨਾਟਕ ਦੇ ਪਾਤਰ
ਮਰਦ
ਚੰਨਣ - ਬੰਤੋ ਨੂੰ ਘਰ ਵਸਾਉਣ ਲਈ ਉਸ ਦਾ ਪਿੱਛਾ ਕਰਨ ਵਾਲਾ ।
ਮਾਹੀ - ਚੰਨਣ ਦਾ ਜੋਟੀਦਾਰ ਤੇ ਉਸ ਦੇ ਘਰੋਂ ਬੰਤੋ ਨੂੰ ਕੱਢ ਕੇ ਲਿਜਾਣ ਵਾਲਾ ।
ਅਰਜਨ - ਚੰਨਣ ਦਾ ਗੂਹੜਾ ਮਿੱਤਰ।
ਨੱਥਾ - ਚੰਨਣ ਦਾ ਦੋਸਤ ਤੇ ਮਾਹੀ ਦੇ ਪਿੰਡੋਂ ਬੰਤੋ ਦੀ ਸੂਹ ਲਿਆਉਣ ਵਾਲਾ ।
ਮਈਆ ਸਿੰਘ - ਚੰਨਣ ਦਾ ਪਿਉ ।
ਗੇਂਦੂ - ਮਈਆ ਸਿੰਘ ਦਾ ਗਵਾਂਢੀ।
ਜੈਲਾ - ਮਈਆ ਸਿੰਘ ਦਾ ਛੋਟਾ ਲੜਕਾ।
ਮੱਖਣ - ਗੇਂਦੂ ਦਾ ਛੋਟਾ ਲੜਕਾ ।
ਗੰਡਾ ਸਿੰਘ - ਨਾਜਰ ਦਾ ਪਿਉ ।
ਨਾਜਰ - ਚੰਨਣ ਦਾ ਜੋਟੀਦਾਰ ।
ਮਹਿੰਗਾ, ਈਸ਼ਰ, ਵੱਸਣ, ਹਰੀਆ -- ਚੰਨਣ ਦੇ ਪਿੰਡ ਦੇ ਜੋਟੀਦਾਰ।
ਮੰਗਲ ਦਾਸ - ਪਿੰਡ ਦੀ ਧਰਮਸਾਲਾ ਦਾ ਭਾਈ ।
ਖੈਰੂ, ਪ੍ਰੀਤੂ, ਨਰੈਣਾ, ਸੰਤਾ -- ਹਰੀ ਪੁਰ ਦੇ ਮੁੰਡੇ ਚੰਨਣ ਦੇ ਜੋਟੀਦਾਰ ।
ਕੇਸਰ, ਸੁਰਜੂ -- ਮਾਹੀ ਦੇ ਜੋਟੀਦਾਰ
ਤੀਵੀਆਂ
ਬੰਤੋ - ਇਕ ਮੁਟਿਆਰ ਜਿਸ ਨੂੰ ਚੰਨਣ ਦੀ ਟੋਲੀ ਕੱਢ ਕੇ ਲਿਆਈ ਸੀ ।
ਜੀਉ - ਮਈਆ ਸਿੰਘ ਦੀ ਛੋਟੀ ਧੀ।
ਰਾਜੋ - ਚੰਨਣ ਦੀ ਮਾਂ ।
ਕਾਕੋ - ਰਾਜੋ ਦੀ ਗਵਾਂਢਣ ।
ਬੁੱਧਾਂ - ਇਕ ਛੋਟੀ ਜੇਹੀ ਵੱਛੀ ।
ਨਾਟ ਪਹਿਲਾ
ਝਾਕੀ ਪਹਿਲੀ
ਪਿੰਡ ਮੱਦੂਛਾਂਗਾ
ਵੇਲਾ ਲਉਢਾ ਪਹਿਰ
[ਪਿੰਡ ਦੇ ਬਾਹਰ ਸੇਂਜੀ ਦੀ ਪੈਲੀ ਵਿੱਚ ਅਰਜਨ ਪੱਠੇ ਵੱਢ ਰਿਹਾ ਏ, ਚੰਨਣ ਨਾਲੋ ਨਾਲ ਕੱਠੇ ਕਰੀ ਜਾਂਦਾ ਏ ।]
ਅਰਜਨ - ਰੱਬ ਦੀ ਮੇਹਰ ਹੋਵੇ ਤੇ ਰੂਪ ! ਰੂਪ ਵੀ ਕਿਹੜਾ ਚੰਨਣਾ ਹਾਰੀ ਸਾਰੀ ਤੇ ਆਉਂਦਾ, ਰੂਪ ਵੀ ਨਸੀਬਾਂ ਨਾਲ ਤੇ ਵਧ ਕੇ ਨਸੀਬ ਉਹਦੇ ਜੀਹਦੇ ਘਰ ਰੂਪ ਵਾਲੀ ਹੋਵੇ ।
ਚੰਨਣ - ਤੂੰ ਤੇ ਅਰਜਣਾਂ, ਅਜੇ ਚੰਗੀ ਤਰ੍ਹਾਂ ਵੇਖੀ ਨਹੀਂ ਹੋਣੀ, ਉਹਦੇ ਤੇ ਸ਼ਕਲ ਸੀ, ਕਾਹਦੀਆਂ ਗੱਲਾਂ !
ਅਰਜਨ - ਪਈ ਗੱਲ ਵੀ ਕੋਈ ਨਿੱਕੀ ਜੇਹੀ ਨਹੀਂ ਹੋਈ, ਚੋਰਾਂ ਨੂੰ ਪੈਣ ਮੋਰ, ਤੇ ਮੋਰਾਂ ਨੂੰ ਪੈਣ ਕਜਾਈਂ । ਮੈਂ ਤੇ ਆਹ ਭਾਈ ਵਾਲਾ ਦੋਹੜਾ ਅੱਖੀਂ ਵੇਖ ਲਿਆ; ਪਰ ਤੂੰ ਰਵਾਲ ਜਿਨਾਂ ਫਿਕਰ ਨ ਕਰ, ਉਹ ਆਈ ਸੋ ਆਈ।
ਚੰਨਣ - ਤਾਂ ਵੀ ਨੱਥੇ ਨੇ ਕੀ ਦੱਸਿਆ ਆ ਕੇ ? ਸੁਣਿਆ ਆ
ਗਿਆ ਵਿਆਹ ਖਾ ਕੇ।
ਅਰਜਨ - ਤੂੰ ਕੁਝ ਪੁੱਛ ਨਾ, ਕੰਮ ਬਣਿਆ ਸੋ ਬਣਿਆ।
ਚੰਨਣ - ਤਾਂ ਵੀ ?
ਅਰਜਨ - ਫੇਰ ਉਹੋ ਈ ਗੱਲ, ਕਾਹਲਿਆਂ ਨਹੀਂ ਪਈਦਾ ਹੁੰਦਾ। ਆਹ ਹੋ ਲੈਣ ਦਿਹ ਸੂਰਜ ਰਤਾ ਠਾਂਹ ਤੇ ਸੱਦ ਕੇ ਸਾਰੇ ਮੁੰਡੇ ਕਰ ਲੈਂਦੇ ਆਂ ਮੀਟਕ। ਚੰਨਣਾਂ, ਅੱਜ ਨਹੀਂ ਤੇ ਕੱਲ੍ਹ, ਕੱਲ੍ਹ ਨਹੀਂ ਤੇ ਪਰਸੋਂ, ਤੂੰ ਬੰਤੀ ਦੀਆਂ ਈ ਪੱਕੀਆਂ ਖਾਏਂਗਾ ਤੇ ਉਹ ਹੀ ਤੈਨੂੰ ਫੇਰ ਉਹਨਾਂ ਹੀ ਹੱਥਾਂ ਨਾਲ ਏਸੇ ਈ ਮੱਦੂਛਾਂਗੇ ਵਿਚ ਬੈਠੀ ਫੜਾਊਗੀ ।
ਚੰਨਣ - ਅਰਜਣਾਂ ਕਿੱਥੋਂ ? ਬਾ-ਮਾਰੀਆਂ ਗੱਲਾਂ ਨਾ ਕਰ। ਤੈਨੂੰ ਪਤਾ ਨਹੀਂ ਜੰਗਲ ਗਏ ਨ ਬਹੁੜਦੇ ਤੇ ਜੋਗੀ ਕੀਹਦੇ ਮਿੱਤ । ਸੱਚ ਮੁਚ ਈ ਬੰਤੋ ਨੇ ਤੇ ਮੇਰੇ ਨਾਲ ਜੋਗੀ ਵਾਲੀ ਈ ਕੀਤੀ ਆ। ਮੇਰੇ ਤੇ ਅਰਜਣਾਂ ਤੂੰ ਵੱਡੇ ਭਰਾਵਾਂ ਵਰਗਾਂ, ਕਿਤੇ ਚਿੱਤ ਚੇਤੇ ਵਿੱਚ ਵੀ ਨਹੀਂ ਸੀ, ਹੁਣ ਆਹ ਜਿਹੜੀ ਸਾਡੇ ਤੇ ਬਿੱਜ ਪਈ ਆ ਆ ਕੇ ।
ਅਰਜਨ - ਦਬੁਰਜੀ ਦੇ ਤੇ ਅਸਾਂ ਭਾਊ ਲੱਤ ਹੇਠੋਂ ਦੀ ਲੰਘਾ ਛੱਡੇ ਹੋਏ ਆ, ਮਾਹੀ ਕਿਹਦਾ ਪਾਣੀ ਹਾਰ ਆ। ਜਿਹੜੇ ਓਨ ਚੰਮ ਦੇ ਸਿੱਕੇ ਚਲਾਉਣੇ ਸੀ ਚਲਾ ਚੁੱਕਾ ਆ ਪਹਿਲੀਆਂ ਵਿੱਚ ਈ। ਹੁਣ ਤੇ ਐਵੇਂ ਛੱਪਾ ਈ ਜੇ । ਨਾਲੇ ਪਈ ਓਂ ਵੀ ਸਰਕਾਰ ਦੇ ਰਾਜ 'ਚ ਬੁੱਢੀ ਦਾ ਜੋਰ ਆ, ਜੋ ਆਖੇ ਹੁੰਦਾ ਏ । ਭਲਾ ਜੇ ਉਹਦੀ ਮਰਜੀ ਹੋਊ ਤੇ ਕਿਹੜਾ ਆ ਉਹਨੂੰ ਰੋਕਣ ਵਾਲਾ । ਤੂੰ ਹੌਂਸਲਾ ਨਾ ਢਾਹ, ਸਗੋਂ ਤਕੜਾ ਹੋ।