

ਮਾਝੈ ਮੈਂ ਬੋ ਸਿੰਘ ਰਹਯੋ ਹਾਠੂ ਸਿੰਘ ਤਿਸ ਨਾਮ॥
"ਕੌਣ ਹੈਂ ਤੂੰ ?”. ਇਕ ਦਮ ਇਕ ਆਵਾਜ਼ ਆਈ। ਭਾਵੇਂ ਆਵਾਜ਼ ਜਾਣੀ ਪਛਾਣੀ ਹੀ ਸੀ, ਪਰ ਫੇਰ ਵੀ ਮੈਂ ਤ੍ਰਭਕ ਗਿਆ। ਬਾਬਾ ਭੰਗੂ ਤਾਂ ਦਰਿਆ ਕੰਨੀ ਗਿਆ ਹੋਇਆ ਸੀ। ਸਾਡੇ ਤਿੰਨਾਂ ਤੋਂ ਬਿਨਾ ਹੋਰ ਕੋਈ ਨਹੀਂ ਸੀ ਨੇੜੇ ਤੇੜੇ।
"ਕੀ ਸਿਖ ਕਥਾ ਸੁਣਦਿਆਂ ਇਹ ਸਵਾਲ ਤੇਰੇ ਅੰਦਰ ਹਲਚਲ ਪੈਦਾ ਨਹੀਂ ਕਰ ਰਿਹਾ... ਕਿ ਕੋਣ ਹੈਂ ਤੂੰ?", ਕਿਸੇ ਐਸੇ ਸਵਾਲ ਦੀ ਉਮੀਦ ਕਿਸੇ ਜਾਣੀ ਪਛਾਣੀ ਆਵਾਜ਼ ਤੋਂ ਹਰਗਿਜ਼ ਨਹੀਂ ਕੀਤੀ ਜਾ ਸਕਦੀ ਤੇ ਜੇ ਕੋਈ ਤੁਹਾਡਾ ਜਾਣੁ ਐਸਾ ਸਵਾਲ ਕਰੇ ਤਾਂ ਇਹ ਸਵਾਲ ਬਹੁਤ ਟੇਢਾ ਹੋ ਸਕਦਾ ਹੈ।
"ਪਰ ਤੁਸੀਂ ਕੌਣ ਹੋ ?" ਡਰਦਾ ਡਰਦਾ ਮੈਂ ਬੋਲਿਆ।
“ਮੇਰਾ ਤਾਂ ਤੈਨੂੰ ਪਤਾ ਹੀ ਆ ਸ਼ੇਰਾ ਪਰ ਤੂੰ ਮੇਰਾ ਸਵਾਲ ਸਮਝਣ ਦੀ ਕੋਸ਼ਟ ਕਰ...", ਕੰਦੀ ਬਾਬਾ ਸਰਕੰਡਿਆਂ ਵਿਚੋਂ ਨਿਕਲਦਾ ਹੋਇਆ ਬੋਲਿਆ।
"ਅਸੀਂ ਸਿਖ ਘਰਾਂ ਵਿਚ ਜੰਮੇ ਹਾਂ ਬਾਬਾ... ਸਿਖ ਹੀ ਹਾਂ ਅਸੀਂ ਵੀ...'
"ਪਰ ਫੇਰ ਇਹ ਕੌਣ ਨੇ ਜਿਹਨਾਂ ਦੀ ਤੂੰ ਕਥਾ ਸੁਣ ਰਿਹੈਂ ?”
“ਇਹ ਵੀ...", ਪਰ ਮੈਂ ਜਵਾਬ ਪੂਰਾ ਨਾ ਦੇ ਸਕਿਆ ਕਿਉਂਕਿ ਜਵਾਬ ਜਦ ਮੈਂ ਆਪਣੇ ਆਪ ਨਾਲ ਹੀ ਸਾਂਝਾ ਕੀਤਾ ਤਾਂ ਮੈਨੂੰ ਇਕ ਅਜੀਬ ਜਹੀ ਕੰਬਣੀ ਛਿੜ ਗਈ।
"ਕੌਣ ਨੇ ਇਹ... ਜਿਹੜੇ ਹੱਸ ਹੱਸ ਖੋਪਰੀਆਂ ਲੁਹਾ ਰਹੇ ਨੇ... ਬੰਦ ਬੰਦ ਕਟਵਾ ਰਹੇ ਨੇ ਚਰਖੀਆਂ ਦੇ ਦੰਦਿਆਂ ਨੂੰ ਚਿੜਾ ਰਹੇ ਨੇ..."
ਹੁਣ ਮੈਂ ਚੁੱਪ ਸਾਂ।
"ਸਿਖ ਨਾਵਾਂ ਵਾਲਿਆਂ ਦੇ ਘਰ ਜਨਮ ਲੈਣ ਨਾਲ ਸਿਖੀ ਨਹੀਂ ਮਿਲਦੀ ਸ਼ੇਰਾ... ਸਿਖੀ ਕਮਾਉਣੀ ਪੈਂਦੀ ਹੈ... ਜਿਵੇਂ ਟੋਡਰ ਮੱਲ ਨੇ ਕਮਾਈ, ਭਾਈ ਮੋਤੀ ਰਾਮ ਨੇ ਕਮਾਈ... ਉਹਨਾਂ ਦਾ ਜਨਮ ਤਾਂ ਆਪਣੇ ਆਪ ਨੂੰ ਸਿਖ ਆਖਣ ਵਾਲਿਆਂ ਦੇ ਘਰੀਂ ਵੀ ਨਹੀਂ ਹੋਇਆ ਪਰ ਦੇਖਲੈ ਕਿਵੇਂ ਉਹਨਾਂ ਸਿਖੀ ਖੱਟ ਲਈ