ਮੈਂ ਥੋੜਾ ਗੁੰਮ ਹੋ ਗਿਆ ਤੇ ਸੋਚਣ ਲੱਗਾ।
"ਘਾਬਰ ਨਾ ਚੋਬਰਾ... ਮੈਂ ਤਾਂ ਤੈਨੂੰ ਬਸ ਇਹੀ ਯਾਦ ਦਿਵਾਉਣ ਆਇਆ ਸੀ ਕਿ ਇਹ ਕਥਾ ਵੀ ਕਿਤੇ ਕੰਨ ਰਸ ਨਾ ਬਣ ਜਾਵੇ... ਸਿਖ ਕਥਾ ਨਾਲ ਵਿਚਰਦਿਆਂ ਹਰ ਪਲ ਇਹ ਚੇਤੇ ਰੱਖੀਂ ਕਿ ਤੇਰਾ ਇਹਨਾਂ ਸਿਖ ਸ਼ਹੀਦਾਂ ਨਾਲ ਕੀ ਸੰਬੰਧ ਹੈ ਤੇ ਇਹ ਕਥਾ ਤੇਰੇ ਉੱਤੇ ਕੀ ਜ਼ਿੰਮੇਵਾਰੀ ਪਾ ਰਹੀ ਹੈ... ਇਹ ਕਥਾ ਤੈਨੂੰ ਆਪਣੇ ਘਰ ਦਾ ਰਾਹ ਦੱਸ ਰਹੀ ਹੈ ਸ਼ੇਰਾ। ਸਿਰਲੱਥ ਬਹਾਦਰਾਂ ਦੇ ਘਰ ਤੇ ਧੁਰੋਂ ਆਜ਼ਾਦ ਕੀਤੇ ‘ਬੰਦਿਆਂ' ਦੀ ਧਰਤੀ, ਆਨੰਦਪੁਰ। ਇਕ ਪਲ ਲਾਉਂਦੇ ਆਂ ਅਸੀਂ ਇਹ ਕਹਿਨ ਨੂੰ ਕਿ ਸਾਡਾ ਘਰ ਆਨੰਦਪੁਰ ਹੈ... ਪਰ ਉਮਰਾਂ ਬੀਤ ਜਾਂਦੀਆਂ ਨੇ, ਘਰ ਨਹੀਂ ਵੜ੍ਹਦੇ ਇਹ ਕਥਾ ਤੈਨੂੰ ਵਾਪਸ ਆਪਣੇ ਘਰ ਲਿਆਏਗੀ ਸ਼ੇਰਾ ਤੇ ਏਥੇ ਆਇਆ ਐਤਕੀਂ ਮੁੜ ਕਿਤੇ ਹੋਰ ਨਾ ਜਾਈਂ..."
"ਸਤਿਬਚਨ ਬਾਬਾ ਜੀ...", ਮੈਂ ਏਨਾ ਕੁ ਬੋਲਿਆ ਤੇ ਕੰਦੀ ਬਾਬਾ ਫਿਰ ਅਲੋਪ ਹੋ ਗਿਆ। ਪਰ ਮੈਂ ਇਹ ਜਰੂਰ ਸੋਚਦਾ ਰਿਹਾ ਕਿ ਬਾਬੇ ਨੇ 'ਐਤਕੀਂ ਮੁੜ ਕਿਤੇ ਹੋਰ ਨਾ ਜਾਈਂ' ਸਿਰਫ ਮੈਨੂੰ ਹੀ ਕਿਉਂ ਕਿਹਾ... ਬੈਠੇ ਤਾਂ ਅਸੀਂ ਸਾਰੇ ਹੀ ਸਾਂ ਏਥੇ...
ਏਨੇ ਨੂੰ ਮੈਂ ਦੇਖਿਆ ਕਿ ਬਾਬਾ ਭੰਗੂ ਸਾਡੇ ਤਿੰਨਾਂ ਕੰਨੀਂ ਆ ਰਿਹਾ ਸੀ ਤੇ ਬਾਬੇ ਕੰਦੀ ਦੀ ਇਹ ਗੱਲ 'ਐਤਕੀਂ ਮੁੜ ਕਿਤੇ ਹੋਰ ਨਾ ਜਾਈਂ' ਮੈਂ ਆਪਣੇ ਅੰਦਰ ਸੰਭਾਲ ਲਈ। ਸਮਾ ਆਏਗਾ ਤਾਂ ਬਾਬੇ ਦੀ ਇਸ ਗੱਲ ਨਾਲ ਮੁੜ ਅੱਖਾਂ ਮਿਲਾਵਾਂਗਾ।
ਬਾਬੇ ਭੰਗੂ ਨੇ ਆਉਂਦਿਆਂ ਹੀ ਕਥਾ ਸ਼ੁਰੂ ਕੀਤੀ।
ਇਕ ਵੱਡਾ ਮੈਦਾਨ ਹੈ, ਜਿਸ ਦੇ ਆਲੇ ਦੁਆਲੇ ਕਿਲਾਨੁਮਾ ਕੰਧ ਹੈ। ਉਸ ਕੰਧ ਵਿਚ ਇਕ ਹੀ ਵੱਡਾ ਦਰਵਾਜ਼ਾ ਹੈ। ਹੋ ਸਕਦੈ ਕੋਈ ਹੋਰ ਛੋਟਾ ਜਾਂ ਲੁਕਵਾਂ ਦਰ ਵੀ ਹੋਵੇ, ਪਰ ਪਹਿਲੀ ਨਜ਼ਰੇ ਦਿਖਾਈ ਨਹੀਂ ਦਿੰਦਾ। ਵੱਡੇ ਦਰਵਾਜ਼ੇ ਦੇ ਐਨ ਸਾਹਮਣੇ ਇਕ ਵੱਡਾ ਚਬੂਤਰਾ ਬਣਿਆ ਹੋਇਆ ਹੈ, ਜਿਸ ਉੱਪਰ ਛੱਤ ਵੀ ਹੈ। ਦੂਰੋਂ ਉਹ ਘਰਾਂ ਦੇ ਵਰਾਂਡੇ ਦਾ ਭੁਲੇਖਾ ਦੇ ਰਿਹਾ ਹੈ। ਉਸ ਚਬੂਤਰੇ ਉੱਤੇ ਅਹਿਮਦ ਸ਼ਾਹ ਅਬਦਾਲੀ ਆਪਣੇ ਚੁਨਿੰਦਾ ਸੈਨਾਪਤੀਆਂ ਤੇ ਵਜ਼ੀਰਾਂ ਸੰਗ ਬੈਠਾ ਹੋਇਆ ਹੈ।