

ਗਿਲਜਿਆਂ ਦੀ ਨਵੀਂ ਆਈ ਬਘਿਆੜ ਰੂਪ ਟੁਕੜੀ ਵਿਚੋਂ ਇਕਦਮ ਇਕ ਅਫਗਾਨ ਬੱਕਰੀ ਵਾਂਗ ਮਿਆਂਕਿਆ। ਭਾਈ ਸੁੱਖਾ ਸਿੰਘ ਦਾ ਨਾਮ ਸੁਣਦੇ ਹੀ ਇਸ ਟੁਕੜੀ ਵਿਚੋਂ ਕਈ ਪਠਾਨਾ ਦੇ ਕੰਨ ਖੜ੍ਹੇ ਹੋ ਗਏ ਸਨ।
"ਕੌਣ ਸੁੱਖਾ ਸਿੰਘ..?", ਅਬਦਾਲੀ ਸੈਨਾਪਤੀਆਂ ਵੱਲ ਦੇਖਦਾ ਬੋਲਿਆ।
"ਹਜ਼ੂਰ ਉਹੀ ਸੁੱਖਾ ਸਿੰਘ, ਜਿਸ ਨੇ ਦਰਿਆ ਕੰਢੇ ਦਵੰਦ ਯੁੱਧ ਵਿਚ ਸਾਡੇ ਸੂਰਬੀਰ ਯੋਧੇ ਇਮਾਨ ਖਾਨ ਨੂੰ ਮਾਰ ਮੁਕਾਇਆ ਸੀ। ", ਭਾਈ ਸੁੱਖਾ ਸਿੰਘ ਦਾ ਚੇਤਾ ਆਉਂਦਿਆਂ ਅਬਦਾਲੀ ਦੇ ਹੋਸ਼ ਉੱਡ ਗਏ। ਉਸ ਨੂੰ ਬਾਅਦ ਦੀ ਉਹ ਘਟਨਾ ਵੀ ਯਾਦ ਆਈ ਕਿ ਕਿਸ ਤਰ੍ਹਾਂ ਉਹ ਯੋਧਾ ਸਿੰਘ, ਅਫਗਾਨ ਲਸ਼ਕਰ ਵਿਚ ਇਕੱਲਾ ਹੀ ਧੁਰ ਤੀਕ ਆ ਗਿਆ ਸੀ ਤੇ ਜੇ ਪਛਾਣਿਆ ਨਾ ਜਾਂਦਾ ਤਾਂ ਸ਼ਾਇਦ ਅੱਜ ਅਬਦਾਲੀ ਏਥੇ ਨੇ ਬੈਠਾ ਹੁੰਦਾ।
“ਪੰਜ ਪਠਾਨਾ ਨੂੰ ਤੋਰੋ ਇਹਨਾਂ ਵੱਲ ", ਬਹਾਦਰ ਅਖਵਾਉਂਦੇ ਅਬਦਾਲੀ ਦੇ ਇਸ ਹੁਕਮ ਨੇ ਉਸ ਦੇ ਸਾਥੀ ਦਰਬਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ ਸੀ। ਇਹ ਅਬਦਾਲੀ ਦੇ ਅੰਦਰ ਬੈਠਾ ਭਾਈ ਸੁੱਖਾ ਸਿੰਘ, ਹਾਠੂ ਸਿੰਘ ਤੇ ਬਾਘ ਸਿੰਘ ਦਾ ਡਰ ਹੀ ਸੀ, ਜਿਸ ਨੇ ਉਸ ਤੋਂ ਇਹ ਬੋਲ ਬੁਲਵਾਏ। ਨਹੀਂ ਅਬਦਾਲੀ ਤਾਂ ਸਦਾ ਤੋਂ ਬਰਾਬਰ ਦੀ ਟੱਕਰ ਦਾ ਹੀ ਹਾਮੀ ਰਿਹਾ ਸੀ। “
ਇਹ ਤਾਂ ਢਾਈ ਢਾਈ ਹੀ ਆਉਣਗੇ ਆਪਾਂ ਨੂੰ " ਹੱਸਦਿਆਂ ਭਾਈ ਬਾਘ ਸਿੰਘ ਬੋਲੇ।
“ਧੰਨ ਧੰਨ ਭਾਈ ਸੁੱਖਾ ਸਿੰਘ ਜੀ", ਕਹਿੰਦਿਆਂ ਦੋਹਾਂ ਸਿੰਘਾਂ ਨੇ ਹੱਥ ਧਰਤੀ ਨੂੰ ਛੁਹਾ ਮੱਥੇ ਨੂੰ ਲਾਇਆ ਤੇ ਸ਼ਹੀਦ ਭਾਈ ਸੁੱਖਾ ਸਿੰਘ ਨੂੰ ਨਮਸਕਾਰ ਕੀਤੀ।
ਪਹਿਲੇ ਪੰਜਾਂ ਵਿਚੋਂ ਤਿੰਨ ਅਫਗਾਨ ਮਾਰੇ ਗਏ ਤੇ ਦੋ ਬੁਰੀ ਤਰ੍ਹਾਂ ਜਖਮੀਂ ਹੋ ਕੇ ਡਿੱਗ ਪਏ। ਪੰਜ ਹੋਰ ਆਏ ਜੋ ਪੰਜੇ ਸਿੰਘਾਂ ਨੇ ਢੇਰੀ ਕਰ ਦਿੱਤੇ। ਆਪਣੇ ਆਪ ਨੂੰ ਬਘਿਆੜ ਦੱਸਦੇ ਦੁਰਾਨੀ ਲੜਾਕੇ ਮੈਦਾਨ ਵਿਚ ਇੰਝ ਡਿੱਗ ਰਹੇ ਸਨ ਜਿਵੇਂ ਬਾਲ ਵੱਟੇ ਮਾਰ ਅੰਬ ਦੇ ਰੁੱਖ ਤੋਂ ਅੰਬੀਆਂ ਸੁੱਟਦੇ ਹਨ।
ਹੁਣ ਦਸ ਦੁਰਾਨੀ ਇਕੱਠੇ ਦੋਹਾਂ ਸਿੰਘਾਂ 'ਤੇ ਟੁੱਟ ਕੇ ਪੈ ਗਏ। 'ਯਾ ਅਲੀ’ ਦੀਆਂ ਇਕੱਠੀਆਂ ਕਈ ਆਵਾਜ਼ਾਂ ਆਈਆਂ। ਅਫਗਾਨਾਂ ਨੇ ਗੋਲ ਘਤਾਰਾ ਬਣਾ ਕੇ ਸਿੰਘਾਂ ਨੂੰ ਘੇਰ ਲਿਆ। ਦੋਵੇਂ ਸਿੰਘਾਂ ਨੇ ਪਿੱਠਾਂ ਜੋੜ ਲਈਆਂ। ‘ਧੰਨ ਧੰਨ ਬਾਬਾ ਬੋਤਾ ਸਿੰਘ, ਧੰਨ ਧੰਨ ਬਾਬਾ ਗਰਜਾ ਸਿੰਘ' ਕਹਿੰਦਿਆਂ ਦੋਹਾਂ ਸਿੰਘਾਂ ਨੇ ਐਸੀ ਤੇਗ ਵਾਹੀ ਕਿ ਦਸ ਦੁਰਾਨੀਆਂ ਨੂੰ ਡਿੱਗਦਿਆਂ ਵੀ ਬਹੁਤੀ ਦੇਰ ਨਾ ਲੱਗੀ।