

ਪਰ ਐਤਕੀਂ ਭਾਈ ਹਾਠੂ ਸਿੰਘ ਦੀ ਪਿੱਠ 'ਤੇ ਬਰਛੇ ਦਾ ਇਕ ਗਹਿਰਾ ਵਾਰ ਹੋ ਗਿਆ ਤੇ ਭਾਈ ਬਾਘ ਸਿੰਘ ਦੀ ਟੁੱਟੀ ਹੋਈ ਬਾਂਹ ਉੱਤੇ ਵੀ ਗੰਭੀਰ ਫੱਟ ਆ ਗਏ। ਪਠਾਨਾ ਨੇ ਜਾਣ ਬੁੱਝ ਕੇ ਭਾਈ ਬਾਘ ਸਿੰਘ ਦੀ ਟੁੱਟ ਚੁੱਕੀ ਬਾਂਹ ਨੂੰ ਨਿਸ਼ਾਨਾ ਬਣਾਇਆ ਸੀ। ਪਰ ਸਿੰਘਾਂ ਦੇ ਸਿਦਕ ਅੱਗੇ ਪਠਾਨ ਫੇਰ ਵੀ ਨਾ ਟਿਕ ਸਕੇ।
"ਇਹੀ ਸਨ ਤੇਰੇ ਹਾਥੀ ਦੇ ਖਾਣ ਵਾਲੇ ਦੰਦ ਤੇ ਤੇਰੇ ਸੂਰਮੇਂ ਬਘਿਆਤ ਕਿ ਹਜੇ ਹੋਰ ਵੀ ਨੇ? ਜੇ ਹੈਗੇ ਨੇ ਤਾਂ ਕੱਢਲੇ ਕਸਰ", ਅਬਦਾਲੀ ਵੱਲ ਦੇਖ ਕੇ ਬੋਲਦਿਆਂ ਭਾਈ ਹਾਠੂ ਸਿੰਘ ਨੇ ਕਮਰਕੱਸੇ ਨੂੰ ਪਾੜ ਕੇ ਪਿੱਠ ਦਾ ਡੂੰਘਾ ਜਖਮ ਕਸ ਕੇ ਬੰਨ੍ਹ ਲਿਆ।
ਅਬਦਾਲੀ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਗੁੱਸੇ ਨਾਲ ਭਰੇ ਖਲੋਤੇ ਬਾਕੀ ਵੀਹ ਗਿਲਿਜਿਆਂ ਨੇ ਘੋੜੇ ਮੰਗਵਾਏ ਤੇ ਦੋਹਾਂ ਸਿੰਘਾਂ ਵੱਲ ਦੌੜਾਏ। ਉਹਨਾਂ ਨੇ ਆਪਣੇ ਲੰਬੇ ਬਰਛੇ ਸਿੰਘਾਂ ਵੱਲ ਨੂੰ ਕਰ ਲਏ, ਜਿਵੇਂ ਘੋੜਸਵਾਰ ਕਿੱਲਾ ਪੱਟਣ ਲਈ ਕਰਦੇ ਹਨ। ਪਰ ਸਿੰਘ ਕਿੱਲੇ ਥੋੜਾ ਸਨ, ਉਹ ਤਾਂ ਐਸੇ ਬੋਹੜ ਸਨ ਜਿਨ੍ਹਾਂ ਦੀਆਂ ਜੜ੍ਹਾਂ ਪਾਤਾਲ ਤੀਕ ਪਹੁੰਚੀਆਂ ਹੋਈਆਂ ਸਨ। ਸਿੰਘਾਂ ਵੱਲ ਇਸ ਤਰ੍ਹਾਂ ਹਮਲਾਵਰ ਹੋ ਕੇ ਆਉਂਦੇ ਘੋੜਸਵਾਰਾਂ ਨੂੰ ਦੇਖ ਕੇ ਬਾਕੀ ਗ੍ਰਿਫਤਾਰ ਕਰਕੇ ਲਿਆਂਦੇ ਗਏ ਸਿੰਘ ਤੇ ਭੁਝੰਗੀ ਵੀ ਸੰਗਲਾਂ ਵਿਚ ਨੂੜੇ ਹੋਏ ਹੀ ਦੋਹਾਂ ਸਿੰਘਾਂ ਵੱਲ ਭੱਜੇ। ਘੋੜਿਆਂ 'ਤੇ ਬੈਠੇ ਬੁਲੰਦ ਖਾਨ ਦੇ ਅਫਗਾਨ ਸਿਪਾਹੀ, ਜਿਹਨਾਂ ਨੇ ਸਿੰਘਾਂ ਦੇ ਸੰਗਲ ਫੜ੍ਹੇ ਹੋਏ ਸਨ, ਘੋੜਿਆਂ ਤੋਂ ਧੜੱਮ ਕਰਕੇ ਹੇਠਾਂ ਡਿੱਗੇ। ਸਿੰਘ ਉਹਨਾਂ ਨੂੰ ਮੈਦਾਨ ਵਿਚ ਘੜੀਸਦੇ ਕਾਫੀ ਦੂਰ ਤੱਕ ਲੈ ਗਏ। ਹਾਰ ਕੇ ਸਿਪਾਹੀਆਂ ਨੇ ਸੰਗਲ ਛੱਡ ਦਿੱਤੇ।
ਭਾਈ ਰਾਵਨ ਸਿੰਘ ਜੀ ਨੇ ਪੂਰੀ ਤਾਕਤ ਨਾਲ ਸੰਗਲ ਘੁਮਾ ਕੇ ਉਹਨਾਂ ਘੋੜਸਵਾਰਾਂ ਵੱਲ ਚਲਾਇਆ, ਜਿਹੜੇ ਦੋਹਾਂ ਸਿੰਘਾਂ ਨਾਲ ਲੜਨ ਆ ਰਹੇ ਸਨ, ਸੰਗਲ ਘੋੜਿਆਂ ਦੀਆਂ ਲੱਤਾਂ ਵਿਚ ਫਸ ਗਿਆ ਤੇ ਘੋੜੇ ਸਣੇ ਸਵਾਰ ਬਹੁਤ ਬੁਰੀ ਤਰ੍ਹਾਂ ਮੈਦਾਨ ਵਿਚ ਡਿੱਗੇ। ਮੂਹਰਲੇ ਡਿੱਗਦੇ ਘੋੜਿਆਂ ਕਰਕੇ ਪਿਛਲੇ ਸਵਾਰਾਂ ਤੋਂ ਵੀ ਸੰਭਲਿਆ ਨਾ ਗਿਆ। ਦਸ ਦੇ ਕਰੀਬ ਘੋੜੇ ਤੇ ਸਵਾਰ ਮਿੱਟੀ ਵਿਚ ਲਿਟਦੇ ਫਿਰ ਰਹੇ ਸਨ। ਭੁਝੰਗੀਆਂ ਨੇ ਫੁਰਤੀ ਨਾਲ ਡਿੱਗੇ ਸਵਾਰਾਂ ਦੇ ਬਰਛੇ ਚੁੱਕੇ ਤੇ ਆ ਰਹੇ ਬਾਕੀ ਘੋੜਸਵਾਰਾਂ ਵੱਲ ਤਾਣ ਲਏ। ਭਾਈ ਕਿਹਰ ਸਿੰਘ ਨੇ ਆਪਣਾ ਬਰਛਾ ਪਿੱਛੋਂ ਜ਼ਮੀਨ ਦੀ ਓਟ ਲੈ ਕੇ ਭੱਜੇ ਆਉਂਦੇ ਘੋੜੇ ਦੀ ਛਾਤੀ ਵਿਚ ਐਸਾ ਖੁਭੇਇਆ ਕਿ ਘੋੜਾ ਧਰਤੀ 'ਤੇ ਪੁੱਠਾ ਹੋ ਕੇ ਡਿੱਗਦਾ ਹੋਇਆ ਸਣੇ ਸਵਾਰ ਕਈ ਬਾਜ਼ੀਆਂ ਲਾ ਗਿਆ।