

ਭਾਈ ਬਾਘੜ ਸਿੰਘ ਨਾਮੀ ਸੂਰਮੇਂ ਨੇ ਤਦ ਤੀਕ ਆਪਣੇ ਬਰਛੇ ਨਾਲ ਦੋ ਅਫਗਾਨ ਹੋਰ ਸੁੱਟ ਲਏ। ਛੋਟੇ ਭੁਝੰਗੀ ਇਸ ਤਰ੍ਹਾਂ ਦੀ ਦਲੇਰੀ ਨਾਲ ਲੜ ਰਹੇ ਸਨ, ਜੋ ਅਫਗਾਨਾ ਨੇ ਕਦੇ ਸੁਪਨੇ ਵਿਚ ਵੀ ਨਹੀਂ ਦੇਖੀ ਸੀ। ਦੋ ਭੁਝੰਗੀਆਂ ਨੇ ਆਪਣੀਆਂ ਤਲਵਾਰਾਂ ਇਕ ਦੁਰਾਨੀ ਦੇ ਢਿੱਡ ਵਿਚ ਏਨੇ ਜ਼ੋਰ ਨਾਲ ਖੁਭੋਈਆਂ ਕਿ ਉਸ ਦੇ ਮੂੰਹ ਵਿਚੋਂ ਲਹੂ ਦਾ ਫੁਹਾਰਾ ਨਿਕਲਿਆ।
"ਸਾਲੇ ਹੁਣ ਖੂਨ ਦੀਆ ਉਲਟੀਆਂ ਕਰਦੇ ਫਿਰਦੇ ਆ", ਤਲਵਾਰ ਬਾਹਰ ਖਿੱਚਦਿਆਂ ਇਕ ਭੁਝੰਗੀ ਬੋਲਿਆ।
ਮੈਦਾਨ ਵਿਚ ਪਾਸਾ ਪੂਰੀ ਤਰ੍ਹਾਂ ਸਿੰਘਾਂ ਦਾ ਭਾਰਾ ਪੈ ਚੁੱਕਾ ਸੀ। ਭਾਈ ਰਾਵਨ ਸਿੰਘ ਦੇ ਛੱਡੇ ਬਰਛੇ ਨਾਲ ਜਿਉਂ ਹੀ ਇਕ ਦੁਰਾਨੀ ਘੋੜਸਵਾਰ ਧੜਾਕ ਦੇਣੇ ਭੁੰਜੇ ਡਿੱਗਾ ਤਾਂ ਅਬਦਾਲੀ ਆਪਣੇ ਆਸਨ ਤੋਂ ਖੜ੍ਹਾ ਹੋ ਗਿਆ,
"ਰੋਕ ਦਿਓ ਰੋਕ ਦਿਓ ਬੰਦ ਕਰੋ ਹਮਲਾ...
"ਕੀ ਹੋਇਆ ਹਜ਼ਰ..?", ਕੋਲੋਂ ਹਯਾਤ ਖਾਨ ਬੋਲਿਆ।
"ਐਸੇ ਯੋਧਿਆਂ ਨੂੰ ਖੇਡ ਦੇ ਮੈਦਾਨ ਵਿਚ ਨਹੀਂ ਮਾਰਨਾ ਚਾਹੀਦਾ, ਮੌਕਾ ਲੱਗਿਆ ਤਾਂ ਇਹਨਾਂ ਦਾ ਮੁਕਾਬਲਾ ਜੰਗ ਦੇ ਮੈਦਾਨ ਵਿਚ ਕਰਾਂਗੇ। ਕੈਦ ਵਿਚ ਫੜ੍ਹੇ ਹੋਇਆ ਨੂੰ ਇਸ ਤਰ੍ਹਾਂ ਮਰਵਾ ਦੇਣਾ ਕਿਸੇ ਤਰ੍ਹਾਂ ਵੀ ਨਿਆਂ ਨਹੀਂ... ਇਹਨਾਂ ਸਭ ਨੂੰ ਘੋੜੇ ਦਿਓ ਤੇ ਆਜ਼ਾਦ ਕਰ ਦਿਓ ", ਅਬਦਾਲੀ ਨੇ ਹਯਾਤ ਖਾਨ ਨੂੰ ਹੁਕਮ ਦਿੱਤਾ।
ਅਬਦਾਲੀ ਬੋਲਦਾ ਹੋਇਆ ਕੁਝ ਅਗਾਂਹ ਆਇਆ ਤਾਂ ਗੋਲੀ ਚੱਲਣ ਦੀ ਇਕ ਆਵਾਜ਼ ਸੁਣਾਈ ਦਿੱਤੀ। ਇਹ ਗੋਲੀ ਭਾਈ ਹਾਠੂ ਸਿੰਘ ਦੇ ਲੱਗੀ ਸੀ। ਅਸਲ ਵਿਚ ਭਾਈ ਹਾਠੂ ਸਿੰਘ ਨੇ ਆਪਣਾ ਬਰਛਾ ਅਬਦਾਲੀ ਵੱਲ ਨੂੰ ਤਾਣਿਆਂ ਤੇ ਛੱਡਣ ਲਈ ਜਿਉਂ ਹੀ ਹੱਥ ਪਿਛਾਂਹ ਲੈ ਕੇ ਗਿਆ, ਬੁਲੰਦ ਖਾਨ ਨੇ ਦੇਖ ਲਿਆ ਤੇ ਆਪਣੇ ਰਾਮਜੰਗ ਵਿਚੋਂ ਤਾੜ ਕਰਦੀ ਗੋਲੀ ਹਾਠੂ ਸਿੰਘ ਵੱਲ ਦਾਗੀ। ਗੋਲੀ ਹਾਠੂ ਸਿੰਘ ਦੀ ਪਿੰਜਨੀ ਵਿੱਚ ਵੱਜੀ ਤੇ ਉਹ ਲੜਖੜਾ ਗਿਆ। ਪਰ ਗੋਡੇ ਭਾਰ ਹੁੰਦਾ ਹੁੰਦਾ ਵੀ ਉਹ ਬਰਛਾ ਚਲਾ ਗਿਆ। ਇਸ ਤੋਂ ਪਹਿਲਾਂ ਕਿ ਅਬਦਾਲੀ ਤੇ ਬਾਕੀ ਦਰਬਾਰੀਆਂ ਨੂੰ ਕੁਝ ਸਮਝ ਆਉਂਦੀ, ਬਰਛਾ ਅਬਦਾਲੀ ਦੇ ਸਿਰ ਉੱਤੋਂ ਦੀ ਹੁੰਦਾ ਹੋਇਆ ਤਖਤ ਦੇ ਛਤਰ ਉੱਤੇ ਜਾ ਵੱਜਾ ਤੇ ਛਤਰ ਧੜਾਮ ਕਰਦਾ ਹੇਠਾ ਡਿੱਗ ਪਿਆ।
ਦਰਬਾਰੀਆਂ ਤੇ ਸੈਨਾਪਤੀਆਂ ਨੇ ਡਿੱਗਦੇ ਹੋਏ ਅਬਦਾਲੀ ਨੂੰ ਸੰਭਾਲਿਆ